ਮਾਲ ਵਿਭਾਗ ਦੇ ਮੁਲਾਜ਼ਮਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ ਸਖਤ ਚਿਤਾਵਨੀ
ਕਿਹਾ : ਕਲਮ ਛੋੜ ਹੜਤਾਲ ਕਰੋ, ਪ੍ਰੰਤੂ ਬਾਅਦ ’ਚ ਕਲਮ ਤੁਹਾਡੇ ਦੇਣੀ ਹੈ ਜਾਂ ਨਹੀਂ ਇਹ ਫੈਸਲਾ ਸਰਕਾਰ ਕਰੇਗੀ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਉਣ ਵਾਲੇ ਦਿਨਾਂ ਵਿਚ ਕਲਮ ਛੋੜ ਹੜਤਾਲ ਕਰਨ ਵਾਲੇ ਪਟਵਾਰੀ, ਕਾਨੂੰਨਗੋ ਅਤੇ ਡੀਸੀ ਦਫ਼ਤਰਾਂ ਦੇ ਕਰਮਚਾਰੀਆਂ ਨੂੰ ਸਾਫ਼ ਸ਼ਬਦਾਂ ਵਿਚ ਚਿਤਾਵਨੀ ਦਿੱਤੀ ਹੈ। ਮੁੱਖ ਮੰਤਰੀ ਨੇ ਸਖਤ ਲਹਿਜੇ ਵਿਚ ਕਿਹਾ ਕਿ ਮੀਡੀਆ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪਟਵਾਰੀ, ਕਾਨੂੰਨਗੋ ਅਤੇ ਡੀਸੀ ਦਫ਼ਤਰਾਂ ਦੇ ਕਰਮਚਾਰੀ ਰਿਸ਼ਵਤ ਮਾਮਲੇ ’ਚ ਫਸੇ ਆਪਣੇ ਇਕ ਸਾਥੀ ਦੇ ਹੱਕ ਵਿਚ ਆਪਣੀਆਂ ਨਿੱਜੀ ਮੰਗਾਂ ਨੂੰ ਲੈ ਕੇ ਆਉਂਦੇ ਦਿਨਾਂ ’ਚ ਕਲਮ ਛੋੜ ਹੜਤਾਲ ਕਰਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਦੱਸਣਾ ਚਾਹੁੰਦਾ ਹਾਂ ਕਿ ਕਲਮ ਛੋੜ ਹੜਤਾਲ ਕਰੋ ਪ੍ਰੰਤੂ ਬਾਅਦ ਵਿਚ ਕਲਮ ਤੁਹਾਡੇ ਹੱਥਾਂ ਵਿਚ ਦੇਣੀ ਹੈ ਜਾਂ ਨਹੀਂ ਇਹ ਫੈਸਲਾ ਪੰਜਾਬ ਸਰਕਾਰ ਕਰੇਗੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਗੇ ਕਿਹਾ ਕਿ ਸਾਡੇ ਕੋਲ ਬਹੁਤ ਪੜ੍ਹੇ-ਲਿਖੇ ਬੇਰੁਜ਼ਗਾਰ ਮੌਜੂਦ ਹਨ ਜਿਹੜੇ ਤੁਹਾਡੇ ਵਾਲੀਆਂ ਕਲਮਾਂ ਫੜਨ ਲਈ ਤਿਆਰ ਬੈਠੇ ਹਨ। ਪੰਜਾਬ ਦੇ ਲੋਕਾਂ ਦੀ ਕਿਸੇ ਵੀ ਹਾਲਤ ਵਿਚ ਖੱਜਲ-ਖੁਆਰੀ ਨਹੀਂ ਹੋਣ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਸਾਫ ਸ਼ਬਦਾਂ ’ਚ ਆਖਿਆ ਕਿ ਜੇਕਰ ਪਟਵਾਰੀ, ਕਾਨੂੰਨਗੋ ਅਤੇ ਡੀਸੀ ਦਫ਼ਤਰਾਂ ਦੇ ਕਰਮਚਾਰੀ ਕਲਮ ਛੋੜ ਹੜਤਾਲ ਕਰਦੇ ਹਨ ਤਾਂ ਉਨ੍ਹਾਂ ਖਿਲਾਫ਼ ਪੰਜਾਬ ਸਰਕਾਰ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਉਨ੍ਹਾਂ ਖਿਲਾਫ਼ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ।