ਚਰਨਜੀਤ ਸਿੰਘ ਚੰਨੀ ਬਣੇ ਪੰਜਾਬ ਦੇ ਪਹਿਲੇ ਦਲਿਤ ਮੁੱਖ ਮੰਤਰੀ, ਇਹ ਹੋ ਸਕਦੇ ਹਨ ਉਪ ਮੁੱਖ ਮੰਤਰੀ ਦੇ ਦਾਅਵੇਦਾਰ

ਪੰਜਾਬ ਵਿਚ ਲਟਕੇ ਅਤੇ ਸੰਜੀਦਾ ਫੈਸਲੇ ਲੈਣ ‘ਚ ਨਾਕਾਮ ਰਹੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਉਣ ਤੋਂ ਬਾਅਦ ਲੰਬਾ ਮੰਥਨ ਕਰਕੇ ਹਾਈਕਮਾਂਡ ਨੇ ਦਲਿਤ ਚਿਹਰੇ ਨੂੰ ਮਾਸਟਰ ਸਟ੍ਰੋਕ ਵਜੋਂ ਵਰਤਦੇ ਹੋਏ ਦਲਿਤ ਆਗੂ ਅਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਅਗਲਾ ਮੁੱਖ ਮੰਤਰੀ ਐਲਾਨ ਦਿੱਤਾ ਹੈ। ਪਹਿਲਾਂ ਸਵੇਰੇ ਸ੍ਰੀ ਮਤੀ ਅੰਬਿਕਾ ਸੋਨੀ ਦਾ ਨਾਮ ਪੰਜਾਬ ਦੇ ਨਵੇਂ ਮੁੱਖ ਮੰਤਰੀ ਵਜੋਂ ਉਭਰ ਕੇ ਸਾਹਮਣੇ ਆਇਆ ਸੀ, ਲੇਕਿਨ ਦੁਪਹਿਰ ਹੁੰਦੇ-ਹੁੰਦੇ ਉਨ੍ਹਾਂ ਸਪਸ਼ਟ ਕਰ ਦਿੱਤਾ ਕਿ ਮੈਨੂੰ ਆਫਰ ਜ਼ਰੂਰ ਹੋਈ ਸੀ, ਲੇਕਿਨ ਮੈਂ ਇਹ ਕਹਿ ਕੇ ਮਨਾ ਕਰ ਦਿੱਤਾ ਕਿ ਪੰਜਾਬ ਦਾ ਸੀ ਐਮ ਸਿੱਖ ਹੋਣਾ ਚਾਹੀਦਾ ਹੈ।

ਇਹ ਵੀ ਕਿਹਾ ਜਾ ਰਿਹਾ ਹੈ ਕਿ ਸੁੱਖੀ ਰੰਧਾਵਾ ਦੇ ਨਾਮ ਦੀ ਸੰਭਾਵਨਾ ਤੋਂ ਬਾਅਦ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਖ਼ਫ਼ਾ ਹੋ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਦੀ ਨਰਾਜ਼ਗੀ ਦੇ ਚਲਦੇ ਸੁੱਖੀ ਰੰਧਾਵਾ ਦੇ ਮੂੰਹ ਨੂੰ ਮੁੱਖ ਮੰਤਰੀ ਦਾ ਲੱਡੂ ਲੱਗਦਾ- ਲੱਗਦਾ ਰਹਿ ਗਿਆ ਅਤੇ ਅਤੇ ਸਿੱਧੂ-ਰੰਧਾਵਾ ਦੀ ਕਸ਼ਮਕਸ਼ ਵਿੱਚ ਚੰਨੀ ਬਾਜ਼ੀ ਮਾਰ ਗਏ। ਆਓ ਜਾਣਦੇ ਹਾਂ ਕਿ ਕੌਣ ਹਨ ਚਰਨਜੀਤ ਸਿੰਘ ਚੰਨੀ । ਚੰਨੀ ਪੰਜਾਬ ਵਿੱਚ ਚਮਕੌਰ ਸਾਹਿਬ ਤੋਂ ਵਿਧਾਇਕ ਹਨ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦੀ ਪੰਜਾਬ ਇਕਾਈ ਦੇ ਨੇਤਾ ਵੀ ਹਨ। ਉਹ ਪੰਜਾਬ ਸਰਕਾਰ ਵਿੱਚ ਤਕਨਿਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਦੇ ਮੰਤਰੀ ਹਨ। 18 ਸਤੰਬਰ 2021 ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦਿੱਤੇ ਜਾਣ ਮਗਰੋਂ 19 ਸਤੰਬਰ 2021 ਨੂੰ ਭਾਰਤੀ ਪੰਜਾਬ ਦੇ ਮੁੱਖ ਮੰਤਰੀ ਚੁਣੇ ਗਏ। ਖਾਸ ਗੱਲ ਇਹ ਹੈ ਕਿ ਕਾਂਗਰਸ ਨੇ ਉਹਨਾ ਦੇ ਦਲਿਤ ਭਾਈਚਾਰੇ ਨਾਲ ਸਬੰਧਿਤ ਹੋਣ ਕਰਕੇ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਹੈ ।

ਦੱਸਣਯੋਗ ਹੈ ਕਿ ਦਸੰਬਰ 2015 ਵਿੱਚ 43 ਸਾਲ ਦੀ ਉਮਰ ਚ ਵਿਧਾਨ ਸਭਾ ਵਿੱਚ ਕਾਂਗਰਸ ਪਾਰਟੀ ਦੇ ਵਿਧਾਇਕ ਦਲ ਦਾ ਆਗੂ ਨਿਯੁਕਤ ਕੀਤਾ ਗਿਆ ਸੀ। ਚੰਨੀ ਕੱਲ 11 ਵਜੇ ਅਹੁਦੇ ਦੀ ਸੌਂਹ ਚੁੱਕਣਗੇ, ਇਸ ਵਿਚਕਾਰ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਚਰਨਜੀਤ ਸਿੰਘ ਚੰਨੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਲਿਖਿਆ,”ਮੈਂ ਉਮੀਦ ਕਰਦਾ ਹਾਂ ਕਿ ਚੰਨੀ ਸਰਹੱਦੀ ਸੂਬੇ ਪੰਜਾਬ ਨੂੰ ਅਤੇ ਇੱਥੋਂ ਦੇ ਲੋਕਾਂ ਨੂੰ ਸੁਰੱਖਿਅਤ ਰੱਖਣ ਦੇ ਸਮਰੱਥ ਹੋਣਗੇ।” ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਕਾਂਗਰਸ ਡਿਪਟੀ ਸੀ ਐਮ ਕਿਸਨੂੰ ਬਣਾਏਗੀ। ਹਾਲਾਂਕਿ ਹਜੇ ਤਸਵੀਰ ਸਾਫ ਨਹੀਂ ਪਰ ਉੱਪ ਮੁੱਖ ਮੰਤਰੀਆਂ ਵਿੱਚ ਅਰੁਨਾ ਚੌਧਰੀ ਤੇ ਭਾਰਤ ਭੂਸ਼ਨ ਆਸ਼ੂ ਦੇ ਨਾਮ ਸਾਹਮਣੇ ਆ ਸਕਦੇ ਹਨ।

MUST READ