ਕਾਂਗਰਸ ਧੜੇਬੰਦੀ ‘ਚ ਕੈਪਟਨ ਦਾ ਮਾਸਟਰ ਸਟ੍ਰੋਕ, ਹੁਣ ਲਾਲ ਸਿੰਘ ਸੰਭਾਲਗੇ ਮੁੱਖ ਮੰਤਰੀ ਦਾ ਸਿਆਸੀ ਕੰਮ ਕਾਜ

ਪੰਜਾਬ ਕਾਂਗਰਸ ’ਚ ਚੱਲ ਇੱਕ ਹੋਰ ਉਥਲ ਪੁਥਲ ਹੁੰਦੀਂ ਨਜਰ ਆ ਰਹੀ ਹੈ, ਪਿਛਲੇਂ ਕੁਝ ਸਮੇਂ ਤੋਂ ਪਾਰਟੀ ਚ ਹੋ ਰਹੀ ਧੜੇਬੰਦੀ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਧੜਾ ਹੋਰ ਮਜ਼ਬੂਤ ਕਰਨ ਦੀ ਕਵਾਇਦ ’ਚ ਵੱਡਾ ਸਿਆਸੀ ਫ਼ੈਸਲਾ ਲੈਂਦੇ ਹੋਏ ਪਾਰਟੀ ਦੇ ਸੀਨੀਅਰ ਆਗੂ ਲਾਲ ਸਿੰਘ ਦੀ ਅਗਵਾਈ ਹੇਠ ਚਾਰ ਮੈਂਬਰੀ ਕਮੇਟੀ ਗਠਿਤ ਕੀਤੀ ਹੈ। ਲਾਲ ਸਿੰਘ ਮੁੱਖ ਮੰਤਰੀ ਦਾ ਸਿਆਸੀ ਕੰਮ-ਕਾਜ ਦੇਖਣਗੇ। ਸਿਆਸੀ ਮਾਹਰਾਂ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਦਾ ਇਹ ਵੱਡਾ ਸਿਆਸੀ ਪੈਂਤੜਾ ਹੈ।

ਲਾਲ ਸਿੰਘ ਪਾਰਟੀ ਦੇ ਸੀਨੀਅਰ ਆਗੂ ਹਨ ਤੇ ਉਹ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਰਹਿ ਚੁੱਕੇ ਹਨ। ਉਨ੍ਹਾਂ ਨੂੰ ਲੰਬਾ ਪ੍ਰਸ਼ਾਸਨਿਕ ਤਜਰਬਾ ਹੈ। ਮੁੱਖ ਮੰਤਰੀ ਵੱਲੋਂ ਗਠਿਤ ਕੀਤੀ ਗਈ ਕਮੇਟੀ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਪਾਰਟੀ ਪ੍ਰਧਾਨ ਨਵਜੋਤ ਸਿੱਧੂ ਨੇ ਕਾਂਗਰਸ ਭਵਨ ਵਿਚ ਮੰਤਰੀਆਂ ਦੇ ਬੈਠਣ ਦੀ ਡਿਊਟੀ ਲਗਾਈ ਹੈ ਤੇ ਕਾਂਗਰਸ ਭਵਨ ਵਿਚ ਕਾਂਗਰਸੀ ਆਗੂਆਂ ਤੇ ਵਰਕਰ ਕੰਮ -ਕਾਜ ਕਰਵਾਉਣ ਲਈ ਆਉਣ ਲੱਗੇ ਹਨ। ਇਸ ਨਾਲ ਸਿੱਧੂ ਦਾ ਕੱਦ ਵਧਣ ਲੱਗਿਆ ਹੈ। ਇਸੀ ਤਰਜ਼ ’ਤੇ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਦੀ ਅਗਵਾਈ ਹੇਠ ਗਠਿਤ ਚਾਰ ਮੈਂਬਰੀ ਕਮੇਟੀ ਜਿਸ ਵਿਚ ਵਿਧਾਇਕ ਰਾਜ ਕੁਮਾਰ ਚੱਬੇਵਾਲ, ਕੁਸ਼ਲਦੀਪ ਸਿੰਘ ਢਿੱਲੋਂ ਤੇ ਸੁਰਿੰਦਰ ਡਾਵਰ ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਕਿ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ’ਚ ਬੈਠੇਗੀ।

ਇਹ ਕਮੇਟੀ ਨਾ ਸਿਰਫ਼ ਮੁੱਖ ਮੰਤਰੀ ਦੇ ਸਿਆਸੀ ਕੰਮ-ਕਾਜ ਦੇਖੇਗੀ ਬਲਕਿ ਸਰਕਾਰੀ ਅਧਿਕਾਰੀਆਂ ਤੋਂ ਕੰਮ ਵੀ ਕਰਵਾਏਗੀ। ਪਾਰਟੀ ਪ੍ਰਧਾਨ ਨਵਜੋਤ ਸਿੱਧੂ ਦੇ ਨਾਲ ਜਿਵੇਂ ਕਾਂਗਰਸ ਪਾਰਟੀ ਨੇ ਦਲਿਤ ਤੇ ਹਿੰਦੂ ਪੱਤਾ ਖੇਡਦੇ ਹੋਏ ਵੱਖ-ਵੱਖ ਆਗੂਆਂ ਨੂੰ ਕਾਰਜਕਾਰੀ ਪ੍ਰਧਾਨ ਲਗਾਇਆ ਹੈ, ਉਸੇ ਤਰ੍ਹਾਂ ਕੈਪਟਨ ਨੇ ਪੱਛੜੀ ਸ਼ੇ੍ਰਣੀ, ਹਿੰਦੂ, ਦਲਿਤ ਤੇ ਜੱਟ ਪੱਤਾ ਖੇਡਦੇ ਹੋਏ ਚਾਰ ਵਿਧਾਇਕਾਂ ਨੂੰ ਕਮੇਟੀ ਵਿਚ ਸ਼ਾਮਲ ਕੀਤਾ ਹੈ। ਹਾਲਾਂਕਿ ਮੁੱਖ ਮੰਤਰੀ ਦੇ ਇਕ ਦਰਜਨ ਦੇ ਕਰੀਬ ਸਲਾਹਕਾਰ ਤੇ ਓਐੱਸਡੀ ਨਿਯੁਕਤ ਕੀਤੇ ਹੋਏ ਹਨ ਪਰ ਲਗਾਤਾਰ ਸਿਆਸੀ ਆਗੂਆਂ, ਵਿਧਾਇਕਾਂ ਦੀਆਂ ਮੁੱਖ ਮੰਤਰੀ ਪ੍ਰਤੀ ਇਹ ਸ਼ਿਕਾਇਤ ਰਹੀ ਹੈ ਕਿ ਮੁੱਖ ਮੰਤਰੀ ਮਿਲਦੇ ਨਹੀੰ ਹਨ। ਹਰੇਕ ਵਿਅਕਤੀ ਦੀ ਮੁੱਖ ਮੰਤਰੀ ਤਕ ਪਹੁੰਚ ਸੰਭਵ ਨਹੀੰ ਹੈ।

ਸਭ ਤੋਂ ਵੱਡੀ ਗੱਲ ਹੈ ਕਿ ਮੁੱਖ ਮੰਤਰੀ ਦੇ ਸਿਆਸੀ ਕੰਮ ਪਹਿਲਾਂ ਸਿਆਸੀ ਸਕੱਤਰ ਵਜੋਂ ਤਾਇਨਾਤ ਕੈਪਟਨ ਸੰਦੀਪ ਸੰਧੂ ਦੇਖਦੇ ਸਨ ਪਰ ਕਾਂਗਰਸ ਦਾ ਸੱਤਾ ਪਰਿਵਰਤਨ ਹੋਣ ਕਾਰਨ ਜਿੱਥੇ ਕਾਂਗਰਸ ਭਵਨ ਦੀ ਕਮਾਨ ਨਵਜੋਤ ਸਿੱਧੂ ਦੇ ਹੱਥਾਂ ਵਿਚ ਆਉਣ ਕਾਰਨ ਜਨਰਲ ਸਕੱਤਰ ਪਰਗਟ ਸਿੰਘ ਪਾਰਟੀ ਦਾ ਸਿਆਸੀ ਕੰਮ-ਕਾਜ ਦੇਖ ਰਹੇ ਹਨ, ਉਥੇ ਕੈਪਟਨ ਸੰਦੀਪ ਸੰਧੂ ਵਿਧਾਨ ਸਭਾ ਹਲਕਾ ਦਾਖਾ ਵਿਚ ਆਪਣੀਆਂ ਸਿਆਸੀ ਸਰਗਰਮੀਆਂ ਕਰ ਰਹੇ ਹਨ ਜਿਸ ਕਰਕੇ ਉਨ੍ਹਾਂ ਦਾ ਸਿਵਲ ਸਕੱਤਰੇਤ ਵਿਚ ਪਹਿਲਾਂ ਦੇ ਮੁਕਾਬਲੇ ਸਿਟਿੰਗ ਘੱਟ ਹੋ ਗਈ ਹੈ।

MUST READ