ਕੈਪਟਨ ਅਤੇ ਸੋਨੀਆ ਗਾਂਧੀ ਦੀ ਮੁਲਾਕਾਤ ਤੋਂ ਬਾਅਦ ਮੰਤਰੀ ਮੰਡਲ ਚ ਫੇਰਬਦਲ ਤੈਅ, ਦਿਗੱਜ ਮੰਤਰੀਆਂ ਦੀ ਹੋ ਸਕਦੀਂ ਛੁੱਟੀ
ਪੰਜਾਬ ਕਾਂਗਰਸ ਸਰਕਾਰ ਕੈਬਨਿਟ ਵਿਚ ਫੇਰਬਦਲ ਲਗਭਗ ਤੈਅ ਹੋ ਗਿਆ ਹੈ। ਕੈਬਨਿਟ ਤੋਂ ਕੁਝ ਦਿੱਗਜ ਮੰਤਰੀਆਂ ਦੀ ਛੁੱਟੀ ਹੋ ਸਕਦੀ ਹੈ। ਉਨ੍ਹਾਂ ਦੀ ਜਗ੍ਹਾ ਨਵੇਂ ਚਿਹਰਿਆਂ ਨੂੰ ਮੌਕਾ ਮਿਲ ਸਕਦਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੋਨੀਆ ਗਾਂਧੀ ਦੀ ਮੁਲਾਕਾਤ ਵਿਚ ਕੈਬਨਿਟ ਵਿਚ ਫੇਰਬਦਲ ਨੂੰ ਮਨਜ਼ੂਰੀ ਮਿਲ ਗਈ। ਕੈਪਟਨ ਨੇ ਮੰਗਲਵਾਰ ਨੂੰ ਸੋਨੀਆ ਗਾਂਧੀ ਨਾਲ ਪੰਜਾਬ ਕਾਂਗਰਸ ਦੇ ਮੁੱਦਿਆਂ ਅਤੇ ਕੈਬਨਿਟ ਵਿਚ ਫੇਰਬਦਲ ਨੂੰ ਲੈ ਕੇ ਚਰਚਾ ਕੀਤੀ।
ਸੋਨੀਆ ਗਾਂਧੀ ਨਾਲ ਕਰੀਬ ਇੱਕ ਘੰਟੇ ਤੱਕ ਹੋਈ ਬੈਠਕ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਰਟੀ ਦੇ ਵਿਭਿੰਨ ਮੁੱਦਿਆਂ ‘ਤੇ ਚਰਚਾ ਹੋਈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਗੱਲਬਾਤ ਤੋਂ ਉਹ ਸੰਤੁਸ਼ਟ ਹਨ। ਇਸ ਗੱਲ ਦੀ ਜਾਣਕਾਰੀ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰਕੇ ਵੀ ਦਿੱਤੀ। ਕੈਪਟਨ ਨੇ ਇਸ ਮੁਲਾਕਾਤ ਦੌਰਾਨ ਸੋਨੀਆ ਗਾਂਧੀ ਨਾਲ ਕੈਬਨਿਟ ਵਿਚ ਨਵੇਂ ਚਿਹਰਿਆਂ ਨੂੰ ਲਿਆਉਣ ‘ਤੇ ਵੀ ਚਰਚਾ ਕੀਤੀ ਹੈ। ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਆਖ਼ਿਰ ਨਵਜੋਤ ਸਿੱਧੂ ਦੀ ਇਸ ਵਿੱਚ ਕੀ ਭੂਮਿਕਾ ਰਹੇਗੀ।