BSP ਪੰਜਾਬ ਪ੍ਰਧਾਨ ਗੜੀ ਨੇ ਚੁੱਕੇ ਕਾਂਗਰਸ ਤੇ ਸਵਾਲ ਕਿਹਾ ਸਿੱਧੂ ਤੋਂ ਪੰਜਾਬ ਨੂੰ ਨਹੀਂ ਕੋਈ ਆਸ
ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਾਂਗਰਸ ਤੇ ਸਵਾਲ ਚੁਕਦੇ ਹੋਏ ਇੱਕ ਪ੍ਰੈਸ ਕਾਨਫ਼ਰੰਸ ਚ ਸ੍ਰੀ ਮੁਕਤਸਰ ਸਾਹਿਬ ਦੇ ਇਕ ਪਿੰਡ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ – ਬਸਪਾ ਦਾ ਗਠਜੋੜ ਇੱਕ ਮਜਬੂਤ ਗਠਜੋੜ ਹੈ ਅਤੇ ਸਾਰੀਆਂ ਵਿਰੋਧੀ ਧਿਰਾਂ ਮਿਲਕੇ ਵੀ ਇਸ ਗਠਜੋੜ ਦਾ ਮੁਕਾਬਲਾ ਨਹੀਂ ਕਰ ਸਕਦੀਆਂ। ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਬਸਪਾ ਵੱਲੋਂ ਬੂਥ ਲੈਵਲ ਤੇ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਵੱਲੋਂ ਐਸ ਸੀ ਭਲਾਈ ਸਕੀਮਾਂ ਸਬੰਧੀ ਬਿੱਲ ਲਿਆਉਣ ਦੇ ਬਿਆਨ ‘ਤੇ ਗੜ੍ਹੀ ਨੇ ਕਿਹਾ ਕਿ ਅੱਜ ਐਸ ਸੀ ਭਾਈਚਾਰੇ ਦੀਆਂ ਸਕੀਮਾਂ ਦੀ ਗੱਲ ਕਰਨ ਵਾਲੀ ਕਾਂਗਰਸ ਨੇ ਸਾਢੇ ਚਾਰ ਸਾਲ ਵਿਚ ਭਾਈਚਾਰੇ ਲਈ ਕੋਈ ਕਦਮ ਨਹੀਂ ਚੁੱਕਿਆ। ਉਹਨਾਂ ਕਿਹਾ ਕਿ ਕਾਂਗਰਸ ਦੇ ਹਾਈਕਮਾਂਡ ‘ਚੋਂ ਆਏ 18 ਨੁਕਾਤੀ ਪ੍ਰੋਗਰਾਮ ਨੂੰ ਨਵਜੋਤ ਸਿੱਧੂ ਨੇ 5 ਨੁਕਾਤੀ ਬਣਾ ਦਿੱਤਾ ਅਤੇ ਜਦ ਉਹ ਇਹ ਮੰਗਾਂ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਗਏ ਤਾਂ ਮੁੱਖ ਮੰਤਰੀ ਨੇ ਬਿਆਨ ਦਿੱਤਾ ਕਿ ਇਸ ਚੋਂ 80 ਪ੍ਰਤੀਸ਼ਤ ਕੰਮ ਹੋ ਚੁੱਕੇ ਹਨ। ਨਵਜੋਤ ਸਿੱਧੂ ਤੋਂ ਪੰਜਾਬ ਨੂੰ ਕੋਈ ਆਸ ਨਹੀਂ ਹੈ।
ਪੰਜਾਬ ਦਾ ਹਰ ਵਰਗ ਅੱਜ ਆਪਣੀਆਂ ਮੰਗਾਂ ਸਬੰਧੀ ਸਰਕਾਰ ਵਿਰੁੱਧ ਸੜਕਾਂ ਤੇ ਹੈ। ਉਹਨਾਂ ਕਿਹਾ ਕਿ ਐਸ ਸੀ ਭਾਈਚਾਰੇ ਸਬੰਧੀ ਕਾਂਗਰਸੀ ਆਗੂਆਂ ਵੱਲੋਂ ਜ਼ੋ ਗਲਤ ਸ਼ਬਦਾਵਲੀ ਵਰਤੀ ਜਾ ਰਹੀ ਇਸਦਾ ਵਿਰੋਧ ਬਸਪਾ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਅੱਗੇ ਵੀ ਜਾਰੀ ਰਹੇਗਾ ਕਾਂਗਰਸੀ ਆਗੂ ਅਜੀਤਇੰਦਰ ਮੋਫਰ ਵੱਲੋਂ ਐਸ ਸੀ ਭਾਈਚਾਰੇ ਲਈ ਵਰਤੀ ਗਲਤ ਸ਼ਬਦਾਵਲੀ ਵਿਰੁੱਧ 3 ਅਗਸਤ ਨੂੰ ਸਰਦੂਲਗੜ੍ਹ ਤੋਂ ਮੋਫਰ ਪਿੰਡ ਤੱਕ ਕਾਂਗਰਸ ਦੀ ਜਲੂਸ ਯਾਤਰਾ ਕੱਢੀ ਜਾਵੇਗੀ।
ਆਮ ਆਦਮੀ ਪਾਰਟੀ ਸਬੰਧੀ ਉਹਨਾਂ ਕਿਹਾ ਕਿ ਇਹ ਬਿਲਕੁਲ ਝੂਠੇ ਵਾਅਦੇ ਕਰ ਰਹੀ ਪਾਰਟੀ ਹੈ ਅਤੇ ਇਸ ਪਾਰਟੀ ਦੇ ਆਗੂ ਆਪਸ ਵਿਚ ਹੀ ਉਲਝੇ ਹੋਏ ਹਨ। ਕਾਂਗਰਸੀ ਆਗੂਆਂ ਵੱਲੋਂ ਐਸ ਸੀ ਭਾਈਚਾਰੇ ਨਾਲ ਸਬੰਧਿਤ ਵਿਅਕਤੀ ਨੂੰ ਡਿਪਟੀ ਸੀ ਐਮ ਬਣਾਉਣ ਦੇ ਦਿੱਤੇ ਜਾ ਰਹੇ ਬਿਆਨ ਬਾਰੇ ਉਹਨਾਂ ਕਿਹਾ ਕਿ ਸਾਡਾ ਮੁੱਖ ਮੁੱਦਾ ਸਿਹਤ, ਸਿੱਖਿਆ ਅਤੇ ਰੋਜਗਾਰ ਹੈ ਅਤੇ ਕਾਂਗਰਸ ਨੇ ਇਹਨਾਂ ‘ਚੋਂ ਕੁਝ ਵੀ ਆਮ ਲੋਕਾਂ ਤੱਕ ਸਹੀ ਤਰ੍ਹਾਂ ਨਹੀਂ ਪਹੁੰਚਦਾ ਕੀਤਾ।