ਕਿਸਾਨ ਅੰਦੋਲਨ ਕਰਕੇ ਪੰਜਾਬ ‘ਚ ਭਾਜਪਾ ਨੂੰ ਵੱਡਾ ਨੁਕਸਾਨ, ਚਾਰ ਵੱਡੇ ਆਗੂਆਂ ਨੇ ਦਿੱਤਾ ਅਸਤੀਫ਼ਾ

ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ‘ਚ ਵਿਰੋਧੀਆਂ ਦੇ ਨਿਸ਼ਾਨੇ ‘ਤੇ ਰਹੀ ਭਾਰਤੀ ਜਨਤਾ ਪਾਰਟੀ ਮਾਲਵਾ ਖੇਤਰ ਵਿੱਚ ਬੈਕਫੁੱਟ ‘ਤੇ ਆ ਗਈ ਹੈ। ਪਾਰਟੀ ਦੇ ਚਾਰ ਵੱਡੇ ਨੇਤਾਵਾਂ ਨੇ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਦਾ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਸ਼ਾਮਲ ਹੋਣ ਲਗਭਗ ਤੈਅ ਹੈ। ਚਾਰੇ ਨੇਤਾਵਾਂ ਨੇ ਇਕਸੁਰ ਵਿੱਚ ਕਿਹਾ ਹੈ ਕਿ ਜੇਕਰ ਭਾਜਪਾ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਆਪਣਾ ਰੁਖ ਨਹੀਂ ਬਦਲਿਆ ਤਾਂ ਇਸ ਦੇ ਗੰਭੀਰ ਨਤੀਜੇ ਸਾਹਮਣੇ ਆ ਸਕਦੇ ਹਨ।

ਪਾਰਟੀ ਛੱਡਣ ਵਾਲਿਆਂ ਵਿੱਚ ਲੁਧਿਆਣਾ ਤੋਂ ਕਮਲ ਚੇਟਲੀ, ਆਰਡੀ ਸ਼ਰਮਾ, ਬਠਿੰਡਾ ਤੋਂ ਮੋਹਿਤ ਗੁਪਤਾ ਅਤੇ ਫਿਰੋਜ਼ਪੁਰ ਤੋਂ ਸੁਖਪਾਲ ਸਿੰਘ ਨੰਨੂ ਸ਼ਾਮਲ ਹਨ। ਉਹ ਸਾਰੇ ਅੰਮ੍ਰਿਤਸਰ ਤੋਂ ਪਾਰਟੀ ਦੇ ਵਿਰੁੱਧ ਚੱਲ ਰਹੇ ਅਨਿਲ ਜੋਸ਼ੀ ਦੇ ਨਾਲ ਪਾਰਟੀ ਬਦਲ ਰਹੇ ਹਨ। ਭਾਜਪਾ ਲਈ ਪਾਰਟੀ ਛੱਡਣ ਵਾਲੇ ਨੇਤਾਵਾਂ ਦੀਆਂ ਖ਼ਬਰਾਂ ਵੀਰਵਾਰ ਦੁਪਹਿਰ ਤੋਂ ਹੀ ਆਉਣ ਲੱਗ ਪਈਆਂ ਸਨ। ਫਿਰੋਜ਼ਪੁਰ ਤੋਂ ਵਿਧਾਇਕ ਅਤੇ ਚੀਫ਼ ਪਾਰਲੀਮਾਨੀ ਸਕੱਤਰ ਰਹੇ ਸੁਖਪਾਲ ਸਿੰਘ ਨੰਨੂ ਨੇ ਤਾਂ ਆਪਣੇ ਘਰ ‘ਤੇ ਰੋਸ ਦਾ ਝੰਡਾ ਲਹਿਰਾ ਕੇ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਸੀ।

ਦੇਰ ਸ਼ਾਮ ਬਠਿੰਡਾ ਤੋਂ ਭਾਜਪਾ ਦੇ ਜ਼ਿਲ੍ਹਾ ਇੰਚਾਰਜ ਮੋਹਿਤ ਗੁਪਤਾ, ਲੁਧਿਆਣਾ ਤੋਂ ਕਮਲ ਚੇਟਲੀ ਅਤੇ ਸਾਬਕਾ ਡਿਪਟੀ ਮੇਅਰ ਤੇ ਉਪ ਪ੍ਰਧਾਨ ਆਰਡੀ ਸ਼ਰਮਾ ਵੀ ਉਨ੍ਹਾਂ ਦੇ ਪਿੱਛੇ-ਪਿੱਛੇ ਚੱਲ ਪਏ। ਚਾਰਾਂ ਨੇ ਆਪਣੇ ਅਸਤੀਫ਼ੇ ਪਾਰਟੀ ਨੂੰ ਭੇਜ ਦਿੱਤੇ ਹਨ। ਸੁਖਪਾਲ ਨੰਨੂ ਨੂੰ ਛੱਡ ਕੇ ਤਿੰਨਾਂ ਨੇਤਾਵਾਂ ਨੇ ਆਪਣੇ ਅਤਸੀਫ਼ੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੇ ਹਨ। ਖੇਤੀ ਕਾਨੂੰਨਾਂ ‘ਤੇ ਪਾਰਟੀ ਹਾਈ ਕਮਾਨ ਤੱਕ ਸਹੀ ਗੱਲ ਨਹੀਂ ਪਹੁੰਚਾਉਣ ਦਾ ਦੋਸ਼ ਲਗਾਉਂਦੇ ਹੋਏ ਕਾਫ਼ੀ ਸਮੇਂ ਤੋਂ ਵਿਰੋਧੀ ਗੱਲਾਂ ਕਰ ਰਹੇ ਕਮਲ ਚੇਟਲੀ ਅਤੇ ਆਰਡੀ ਸ਼ਰਮਾ ਨੂੰ ਮਨਾਉਣ ਲਈ ਦੋ ਦਿਨ ਪਹਿਲਾਂ ਹੀ ਅਸ਼ਵਨੀ ਸ਼ਰਮਾ ਆਏ ਸਨ। ਲਗਭਗ ਇੱਕ ਘੰਟਾ ਬੈਠਕ ਹੋਈ, ਪਰ ਇਸ ਦਾ ਕੋਈ ਫ਼ਾਈਦਾ ਨਹੀਂ ਹੋ ਸਕਿਆ। ਮੀਟਿੰਗ ਤੋਂ ਬਾਅਦ ਹੀ ਦੋਵਾਂ ਨੇਤਾਵਾਂ ਦੇ ਸੁਰ ਪਾਰਟੀ ਦੇ ਵਿਰੁੱਧ ਹੀ ਸਨ।

MUST READ