ਭਾਜਪਾ ਆਗੂ ਹਰਜੀਤ ਗਰੇਵਾਲ ਦਾ ਵਿਵਾਦਿਤ ਬਿਆਨ, ਕਿਹਾ ਕਿਸਾਨ ਅੰਦੋਲਨ ਦੇ ਪਿੱਛੇ ਚੀਨ ਅਤੇ ਪਾਕਿਸਤਾਨ ਦਾ ਹੱਥ

ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਇੱਕ ਵਾਰ ਫਿਰ ਆਪਣੇ ਵਿਵਾਦਿਤ ਬਿਆਨ ਕਰਕੇ ਚਰਚਾ ਚ ਹਨ। ਗਰੇਵਾਲ ਕਿਸਾਨਾਂ ਅਤੇ ਕੇਂਦਰ ਸਰਕਾਰ ‘ਚ ਮਿਡਏਟਰ ਦੀ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਵੱਲੋਂ ਕਿਸਾਨਾਂ ਨੂੰ ਲੈ ਕੇ ਇਕ ਵਾਰ ਫਿਰ ਵਿਵਾਦਤ ਬਿਆਨ ਦਿੱਤਾ ਗਿਆ ਹੈ। ਉਨ੍ਹਾਂ ਕਿਸਾਨਾਂ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਕਿਸਾਨ ਅੰਦੋਲਨ ਪਿੱਛੇ ਚੀਨ ਅਤੇ ਪਾਕਿਸਤਾਨ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਇਹ ਜੋ ਕਿਸਾਨ ਨੇਤਾ ਹਨ ਇਹ ਇਕ ਨੰਬਰ ਦੇ ਝੂਠੇ ਹਨ, ਜੋ ਕਿ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ, ਜਿੱਤ ਹਮੇਸ਼ਾ ਸੱਚ ਦੀ ਹੀ ਹੁੰਦੀ ਹੈ ਜੋ ਕਿ ਸਮਾਂ ਆਉਣ ‘ਤੇ ਪਰਤੱਖ ਹੋ ਜਾਵੇਗੀ।

ਉਨ੍ਹਾਂ ਕਿਹਾ ਜਿਵੇਂ ਕਿਸਾਨ ਆਗੂ ਗੰਨੇ ਦੇ ਮੁੱਲ ‘ਤੇ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਦੌਰਾਨ 470 ਦੀ ਥਾਂ 360 ਰੁਪਏ ਪ੍ਰਤੀ ਕੁਇੰਟਲ ‘ਤੇ ਮੰਨ ਸਕਦੇ ਹਨ, ਉਸੇ ਤਰ੍ਹਾਂ ਕੇਂਦਰ ਸਰਕਾਰ ਨਾਲ ਵੀ ਗੱਲ ਕਰ ਕੇ ਇਸ ਮਸਲੇ ਦਾ ਹੱਲ ਕੱਢਿਆ ਜਾ ਸਕਦਾ ਹੈ ਪਰ ਕਿਸਾਨ ਆਗੂ ਇਹ ਚਾਹੁੰਦੇ ਹੀ ਨਹੀਂ ਅਤੇ ਕਾਲੇ ਕਾਨੂੰਨ ਦੀ ਰੱਟ ਲਾਈ ਬੈਠੇ ਹਨ। ਉਨ੍ਹਾਂ ਕਿਹਾ ਇਨਾਂ ਕਾਨੂੰਨਾਂ ‘ਚ ਕੁਝ ਵੀ ਕਾਲਾ ਨਹੀਂ ਅਤੇ ਇਹ ਕਾਨੂੰਨ ਕਿਸਾਨਾਂ ਦੇ ਹੱਕ ‘ਚ ਹਨ। ਉਨ੍ਹਾਂ ਦੋਸ਼ ਲਾਇਆ ਕਿ ਕਿਸਾਨਾਂ ਨੇ ਭਾਜਪਾ ਆਗੂ ਦੀ ‘ਮੌਬ ਲਿੰਚਿੰਗ ਕੀਤੀ’। ਇੱਥੋਂ ਤਕ ਕਿ ਉਨ੍ਹਾਂ ਦੀ ਫ਼ਸਲ ਵੀ ਤਬਾਹ ਕਰ ਦਿੱਤੀ ਜਦਕਿ ਕਿਸਾਨ ਤਾਂ ਫ਼ਸਲ ਉਗਾਉਂਦਾ ਹੈ ਤਬਾਹ ਨਹੀਂ ਕਰਦਾ।

ਕਿਸਾਨ ਆਗੂ ਸ਼ਰੇਆਮ ਭਾਜਪਾਈਆਂ ਦੀਆਂ ਦੁਕਾਨਾਂ ਬੰਦ ਕਰਵਾ ਰਹੇ ਹਨ। ਭਾਜਪਾ ਆਗੂਆਂ ਨੂੰ ਧਮਕੀਆਂ ਦੇ ਰਹੇ ਹਨ ਕਿ ਉਨ੍ਹਾਂ ਨੂੰ ਨਾਮਜ਼ਦਗੀਆਂ ਦੇ ਕਾਗ਼ਜ਼ ਨਹੀਂ ਭਰਨ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਸ਼ਾਂਤਮਈ ਨਹੀਂ ਸਗੋਂ ਹਿੰਸਕ ਹੈ, ਪੰਜਾਬ ਦੀ ਆਰਥਿਕਤਾ ਤਬਾਹ ਕਰਨ ਅਤੇ ਸ਼ਾਂਤੀ ਭੰਗ ਕਰਨ ਲਈ ਉਨ੍ਹਾਂ ਨੇ ਕਿਸਾਨ ਆਗੂਆਂ ਨੂੰ ਜ਼ਿੰਮੇਵਾਰ ਦੱਸਿਆ।

MUST READ