2022 ਪੰਜਾਬ ਚੋਣਾਂ ਲਈ ਭਾਜਪਾ ਮੁੱਖ ਮੰਤਰੀ ਵਜੋਂ ਲਿਆ ਸਕਦੀ ਹੈ ਹਿੰਦੂ ਚਿਹਰਾ, ਤਿਆਰੀਆਂ ਸ਼ੁਰੂ
ਪੰਜਾਬ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਚ ਰੱਖਦਿਆਂ ਬਾਕੀ ਪਾਰਟੀਆਂ ਵਾਂਗੂ ਭਾਜਪਾ ਨੇ ਵੀ ਹੁਣ ਤੋਂ ਹੀ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਭਾਜਪਾ ਇਸ ਚੋਣ ਵਿੱਚ ਮੁੱਖ ਮੰਤਰੀ ਦੇ ਅਹੁਦੇ ਲਈ ਕੋਈ ਵੀ ਹਿੰਦੂ ਚਿਹਰਾ ਲਿਆ ਸਕਦੀ ਹੈ। ਪੰਜਾਬ ਦੇ ਵੋਟ ਬੈਂਕ ਵਿੱਚ ਹਿੰਦੂਆਂ ਦੀ ਵੱਡੀ ਹਿੱਸੇਦਾਰੀ ਹੈ, ਪਰ 55 ਸਾਲਾਂ ਵਿੱਚ ਕਿਸੇ ਵੀ ਹਿੰਦੂ ਨੂੰ ਕਦੇ ਵੀ ਸੂਬੇ ਦਾ ਮੁੱਖ ਮੰਤਰੀ ਨਹੀਂ ਬਣਾਇਆ ਗਿਆ। ਇਸ ਸਬੰਧੀ ਕਈ ਵਾਰ ਹਿੰਦੂ ਸੰਗਠਨਾਂ ਨੇ ਵੀ ਆਵਾਜ਼ ਉਠਾਈ ਹੈ। ਇਹੀ ਕਾਰਨ ਹੈ ਕਿ ਭਾਜਪਾ ਹੁਣ ਕਾਂਗਰਸ ਨੂੰ ਸੱਤਾ ਤੋਂ ਲਾਂਭੇ ਕਰਨ ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਗੱਠਜੋੜ ਨੂੰ ਤੋੜਨ ਲਈ ਹਿੰਦੂ ਚਿਹਰੇ ‘ਤੇ ਧਿਆਨ ਦੇ ਰਹੀ ਹੈ।
ਹਾਲਾਂਕਿ, ਜਾਤੀ ਸਮੀਕਰਨ ਦੇ ਮੱਦੇਨਜ਼ਰ, ਅੱਗੇ ਜੋ ਵੀ ਫੈਸਲਾ ਲਿਆ ਜਾਵੇਗਾ, ਉਹ ਪਾਰਟੀ ਹਾਈ ਕਮਾਂਡ ਦੀ ਮੀਟਿੰਗ ਤੋਂ ਬਾਅਦ ਹੀ ਤੈਅ ਕੀਤਾ ਜਾਵੇਗਾ।
ਦੱਸ ਦਈਏ ਕਿ ਪੰਜਾਬ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਹਿੰਦੂ ਸੰਗਠਨਾਂ ਨੇ ਇੱਕ ਵਾਰ ਫਿਰ ਇੱਕ ਹਿੰਦੂ ਚਿਹਰੇ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਣ ਦੀ ਮੰਗ ਕੀਤੀ ਹੈ। ਇਸ ਸਬੰਧ ਵਿੱਚ, ਹਿੰਦੂਵਾਦੀ ਸੰਗਠਨਾਂ ਦਾ ਇੱਕ ਵਫ਼ਦ ਭਾਜਪਾ ਸੰਸਦ ਮੈਂਬਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਦੁਸ਼ਯੰਤ ਗੌਤਮ ਨੂੰ ਮਿਲਿਆ ਹੈ।
ਜੇ ਅਸੀਂ ਪੰਜਾਬ ਵਿੱਚ ਜਾਤੀ ਸਮੀਕਰਨ ਨੂੰ ਵੇਖੀਏ ਤਾਂ ਹਿੰਦੂ ਆਬਾਦੀ ਦੂਜੇ ਨੰਬਰ ਤੇ ਹੈ। ਵੋਟ ਪ੍ਰਤੀਸ਼ਤ ਦੇ ਲਿਹਾਜ਼ ਨਾਲ, ਪੰਜਾਬ ਵਿੱਚ ਸਿੱਖਾਂ ਦੀ ਆਬਾਦੀ 58 ਪ੍ਰਤੀਸ਼ਤ ਹੈ ਜਦੋਂ ਕਿ ਹਿੰਦੂ ਆਬਾਦੀ 40 ਪ੍ਰਤੀਸ਼ਤ ਹੈ।
ਗੌਰਤਲਬ ਹੈ ਕਿ ਪੰਜਾਬ ਵਿੱਚ ਹਰ ਚੋਣ ਵਿੱਚ ਸਿਰਫ ਸਿੱਖ ਚਿਹਰੇ ਨੂੰ ਤਰਜੀਹ ਦਿੱਤੀ ਗਈ ਹੈ। ਹਿੰਦੂਵਾਦੀ ਸੰਗਠਨਾਂ ਦੀ ਮੰਗ ਅਤੇ ਜਾਤੀ ਸਮੀਕਰਨ ਨੂੰ ਦੇਖਦੇ ਹੋਏ, ਭਾਜਪਾ ਨੇਤਾਵਾਂ ਨੇ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇੱਕ ਹਿੰਦੂ ਚਿਹਰੇ ਦੇ ਨਾਲ ਉਤਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਕੁਝ ਨੇਤਾਵਾਂ ਨੇ ਦੱਸਿਆ ਕਿ ਦਲਿਤ ਚਿਹਰਾ ਵੀ ਹਿੰਦੂ ਤੋਂ ਆਉਂਦਾ ਹੈ। ਅਜਿਹੀ ਸਥਿਤੀ ਵਿੱਚ, ਜੇ ਭਾਜਪਾ ਇਸ ਦਿਸ਼ਾ ਵਿੱਚ ਕੋਈ ਫੈਸਲਾ ਲੈਂਦੀ ਹੈ, ਤਾਂ ਇਸਦਾ ਪ੍ਰਭਾਵ ਅਕਾਲੀ ਅਤੇ ਬਸਪਾ ਗਠਜੋੜ ਉੱਤੇ ਪਵੇਗਾ। 1966 ਤੋਂ ਬਾਅਦ ਕੋਈ ਵੀ ਹਿੰਦੂ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣਿਆ
ਇਹ ਵੀ ਦਸਣਾ ਬਣਦਾ ਹੈ ਕਿ ਸਿੱਖ ਵਸੋਂ ਤੋਂ ਬਾਅਦ ਪੰਜਾਬ ਵਿੱਚ ਹਿੰਦੂਆਂ ਦੀ ਦੂਜੀ ਸਭ ਤੋਂ ਵੱਡੀ ਆਬਾਦੀ ਹੈ। ਪੰਜਾਬ ਚੋਣਾਂ ਵਿੱਚ ਹਿੰਦੂ ਆਬਾਦੀ ਦਾ 40 ਫੀਸਦੀ ਵੋਟ ਬੈਂਕ ਬਣਦਾ ਹੈ। ਇਸ ਦੇ ਬਾਵਜੂਦ 1966 ਤੋਂ ਬਾਅਦ ਕਦੇ ਵੀ ਕਿਸੇ ਹਿੰਦੂ ਨੂੰ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣਾਇਆ ਗਿਆ। ਪੰਜਾਬ ਦੇ ਹਿੰਦੂ ਨੇਤਾ ਜੈ ਭਗਵਾਨ ਗੋਇਲ ਨੇ ਕਿਹਾ, ਜੇ ਭਾਜਪਾ ਇਸ ਬਾਰੇ ਸਕਾਰਾਤਮਕ ਫੈਸਲਾ ਲੈਂਦੀ ਹੈ, ਤਾਂ ਅਸੀਂ ਸਾਰੇ ਪੰਜਾਬ ਵਿੱਚ ਨਵਾਂ ਇਤਿਹਾਸ ਲਿਖਣ ਲਈ ਤਿਆਰ ਹਾਂ। ਹਾਲਾਂਕਿ ਖੇਤੀ ਕਨੂੰਨਾਂ ਨੂੰ ਲੈ ਕੇ ਭਾਜਪਾ ਦਾ ਪੂਰੇ ਪੰਜਾਬ ਚ ਵਿਰੋਧ ਵੀ ਹੋ ਰਿਹਾ ਹੈ ਪਰ ਦੇਖਣਾ ਦਿਲਚਸਪ ਹੋਵੇਗਾ ਕਿ ਆਖਿਰ ਭਾਜਪਾ ਕਿਸ ਤਰ੍ਹਾਂ ਇਸ ਹਾਲਾਤ ਚ ਖੁਦ ਨੂੰ ਸਾਬਤ ਕਰਦੀ ਹੈ।