ਬੀਬੀ ਪਰਮਜੀਤ ਕੌਰ ਗੁਲਸ਼ਨ ਨੇ ਸੁਖਬੀਰ ਬਾਦਲ ਦੇ ਚੋਣ ਵਾਅਦਿਆਂ ਨੂੰ ਦੱਸਿਆ ਲਿਫਾਫੇਬਾਜ਼ੀ

ਸ਼ੋ੍ਮਣੀ ਅਕਾਲੀ ਦਲ (ਸੰਯੁਕਤ) ਇਸਤਰੀ ਵਿੰਗ ਦੇ ਪ੍ਰਧਾਨ ਬੀਬੀ ਪਰਮਜੀਤ ਕੌਰ ਗੁਲਸ਼ਨ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵਿਧਾਨ ਸਭਾ ਚੋਣਾਂ ਲਈ ਜ਼ਮੀਨ ਤਿਆਰ ਕਰਨ ਦੇ ਮਕਸਦ ਵਜੋਂ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਫੋਕੀ ਲਿਫ਼ਾਫ਼ੇਬਾਜ਼ੀ ਕਰਾਰ ਦਿੱਤਾ ਹੈ। ਗੁਲਸ਼ਨ ਨੇ ਆਖਿਆ ਕਿ ਪਿਛਲੇ ਕੁਝ ਸਾਲਾਂ ਦੌਰਾਨ ਪੰਜਾਬ ਦੀ ਆਰਥਕ ਹਾਲਤ ਬੇਹੱਦ ਖਰਾਬ ਹੋਈ ਹੈ ਅਤੇ ਹਰ ਸਾਲ ਪਾਵਰਕਾਮ ਨੂੰ ਦੂਜੇ ਰਾਜਾਂ ਤੋਂ ਮਹਿੰਗੇ ਭਾਅ ‘ਤੇ ਬਿਜਲੀ ਖਰੀਦਣ ਲਈ ਮਜਬੂਰ ਹੋਣਾ ਪੈ ਰਿਹਾ ਹੈ।


ਅਜਿਹੇ ਵਿਚ ਸੁਖਬੀਰ ਵੱਲੋਂ ਚੋਣਾਂ ਜਿੱਤਣ ਤੋਂ ਬਾਅਦ 400 ਯੂਨਿਟ ਬਿਜਲੀ ਮੁਫ਼ਤ ਦੇਣ ਦਾ ਐਲਾਨ ਅਸਲ ਵਿਚ ਸਿਆਸੀ ਲਾਹਾ ਲੈਣ ਲਈ ਲੋਕਾਂ ਨੂੰ ਗੁਮਰਾਹ ਕਰਨਾ ਹੈ। ਉਨ੍ਹਾਂ ਸੁਖਬੀਰ ਨੂੰ ਪੁੱਛਿਆ ਕਿ ਉਨ੍ਹਾਂ ਕੋਲੇ ਅਜਿਹੀ ਕਿਹੜੀ ਜਾਦੂ ਦੀ ਛੜੀ ਹੈ ਜਿਸ ਨਾਲ ਉਹ ਪਾਵਰਕਾਮ ‘ਤੇ ਲਗਾਤਾਰ ਵਧ ਰਹੇ ਆਰਥਿਕ ਬੋਝ ਨੂੰ ਘਟਾ ਕੇ ਲੋਕਾਂ ਨੂੰ ਰਾਹਤ ਦੇਣ ਦੇ ਲਾਰੇ ਲਗਾ ਰਹੇ ਹਨ। ਬੀਬੀ ਗੁਲਸ਼ਨ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਇਸ ਸਮੇਂ ਸੂਬੇ ਸਿਰ ਕਰਜ਼ੇ ਤੋਂ ਇਲਾਵਾ ਵਿੱਤੀ ਘਾਟਾ ਹੁਣ ਤਕ ਦੇ ਸਭ ਤੋਂ ਉੱਚੇ ਪੱਧਰ ਤਕ ਪਹੁੰਚ ਗਿਆ ਹੈ ਅਤੇ ਕਰਜ਼ੇ ਵਧਣ ਦੀ ਜੇਕਰ ਇਹੋ ਰਫ਼ਤਾਰ ਰਹੀ ਤਾਂ ਆਉਂਦੇ ਕੁਝ ਸਮੇਂ ਦੌਰਾਨ ਪੰਜਾਬ ‘ਚ ਪ੍ਰਤੀ ਇੱਕ ਵਿਅਕਤੀ ‘ਤੇ ਇੱਕ ਲੱਖ ਰੁਪਏ ਔਸਤਨ ਕਰਜ਼ਾ ਚੜ੍ਹ ਜਾਵੇਗਾ।

MUST READ