ਭਗਵੰਤ ਮਾਨ ਵਲੋਂ ਅਸਿੱਧੇ ਤੌਰ ਤੇ ਸ਼ਕਤੀ ਪ੍ਰਦਰਸ਼ਨ ਜਾਰੀ, ਸਮਰਥਕਾਂ ਨੇ ਕੀਤੀ ਮੁੱਖ ਮੰਤਰੀ ਚਿਹਰੇ ਵੱਜੋਂ ਨਾਮ ਐਲਾਨੇ ਜਾਣ ਦੀ ਮੰਗ

ਆਮ ਆਦਮੀ ਪਾਰਟੀ ਵਲੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਚਿਹਰੇ ਵੱਜੋਂ ਨਾ ਐਲਾਨੇ ਜਾਣ ਕਰਕੇ ਭਗਵੰਤ ਮਾਨ ਦੇ ਸਮਰਥਕ ਨਰਾਜ਼ ਨਜਰ ਆ ਰਹੇ ਹਨ। ਹੁਣ ਭਗਵੰਤ ਮਾਨ ਵੱਲੋਂ ਅਸਿੱਧੇ ਢੰਗ ਨਾਲ ਆਪ ਹਾਈ ਕਮਾਂਡ ਤੇ ਮੁੱਖ ਮੰਤਰੀ ਦਾ ਉਮੀਦਵਾਰ ਐਲਾਨ ਕਰਵਾਉਣ ਦੀਆਂ ਜ਼ੋਰਦਾਰ ਕੋਸ਼ਿਸ਼ਾਂ ਚੱਲ ਰਹੀਆਂ ਨੇ। ਕੱਲ ਲਗਾਤਾਰ ਛੇਵੇਂ ਦਿਨ ਭਗਵੰਤ ਮਾਨ ਦੀ ਰਿਹਾਇਸ਼ ‘ਤੇ ਉਹਨਾਂ ਦੇ ਸਮਰਥਕਾਂ ਦਾ ਇਕੱਠ ਹੋਇਆ ਤੇ ਇਕੱਠ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਣ ਲਈ ਭਗਵੰਤ ਮਾਨ ਦੇ ਮੂਹਰੇ ਨਾਅਰੇ ਲਾਏ ਗਏ ਜਿਸ ਨੂੰ ਭਗਵੰਤ ਮਾਨ ਸਹਿਜ ਢੰਗ ਨਾਲ ਸੁਣਦੇ ਰਹੇ। ਉਨ੍ਹਾਂ ਦੇ ਸੰਗਰੂਰ ਨਿਵਾਸ ‘ਤੇ ਆਉਣ ਵਾਲੇ ਪਾਰਟੀ ਵਰਕਰਾਂ ਅਤੇ ਵਲੰਟੀਅਰਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਅਤੇ ਉਹ ਆਪਣੀ ਮੰਗ ਨੂੰ ਪਾਰਟੀ ਹਾਈਕਮਾਂਡ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਪਿਛਲੇ ਕਈ ਦਿਨਾਂ ਤੋਂ ਸਾਂਸਦ ਭਗਵੰਤ ਮਾਨ ਆਪਣੀ ਸੰਗਰੂਰ ਸਥਿਤ ਰਿਹਾਇਸ ‘ਤੇ ਮੌਜੂਦ ਹਨ। ਸਵੇਰ ਤੋਂ ਸ਼ਾਮ ਤੱਕ ਪਾਰਟੀ ਵਰਕਰਾਂ ਦੀ ਆਵਾਜਾਈ ਨਿਰੰਤਰ ਜਾਰੀ ਹੈ। ਮਾਨ ਵੱਲੋਂ ਦਿਨ ਭਰ ਲੋਕਾਂ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ। ਐਤਵਾਰ ਨੂੰ ਪੰਜਾਬ ਦੇ ਵੱਖ-ਵੱਖ ਹਲਕਿਆਂ ਤੋਂ ਵਰਕਰ ਵੱਡੀ ਗਿਣਤੀ ਵਿੱਚ ਭਗਵੰਤ ਮਾਨ ਦੇ ਘਰ ਪਹੁੰਚੇ। ਭਗਵੰਤ ਮਾਨ ਦੇ ਸਮਰਥਕਾਂ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਪੰਜਾਬ ਦੇ ਲੋਕਾਂ ਅਤੇ ਵਲੰਟੀਅਰਾਂ ਦੀਆਂ ਭਾਵਨਾਵਾਂ ਨੂੰ ਨਹੀਂ ਸਮਝ ਰਹੀ। ਬੇਸ਼ਕ ਭਗਵੰਤ ਮਾਨ ਆਖ ਰਹੇ ਨੇ ਕਿ ਮੁੱਖ ਮੰਤਰੀ ਉਮੀਦਵਾਰ ਪਾਰਟੀ ਵੱਲੋਂ ਐਲਾਨਿਆ ਜਾਵੇਗਾ ਪਰ ਉਹਨਾਂ ਨੇ ਕਦੇ ਮੁੱਖ ਮੰਤਰੀ ਦਾ ਉਮੀਦਵਾਰ ਬਣਨ ਤੋਂ ਨਾਂਹ ਨਹੀਂ ਕੀਤੀ। ਵਾਰ-ਵਾਰ ਆਪਣੀ ਸਫਾਈ ਦਿੰਦਿਆਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਵੱਖ -ਵੱਖ ਹਿੱਸਿਆਂ ਤੋਂ ਲੋਕ ਖੁਦ ਪਹੁੰਚ ਰਹੇ ਹਨ।

ਇਹ ਵਰਕਰ ਉਸ ਤੋਂ ਮੁੱਖ ਮੰਤਰੀ ਦੇ ਰੂਪ ਵਿੱਚ ਜਿੰਮੇਵਾਰੀ ਲੈਣ ਦੀ ਮੰਗ ਕਰ ਰਹੇ ਹਨ, ਜਦੋਂ ਕਿ ਪਾਰਟੀ ਹਾਈ ਕਮਾਂਡ ਨੇ ਇਸ ਬਾਰੇ ਫੈਸਲਾ ਕਰਨਾ ਹੈ। ਉਹਨਾਂ ਨੇ ਸਫਾਈ ਦਿੰਦਿਆਂ ਇਹ ਵੀ ਕਿਹਾ ਕਿ ਜੇ ਉੱਤਰਾਖੰਡ ਦੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਕੀਤਾ ਗਿਆ ਹੈ, ਤਾਂ ਪੰਜਾਬ ਲਈ ਵੀ ਐਲਾਨ ਕੀਤਾ ਜਾਣਾ ਚਾਹੀਦਾ ਹੈ। ਦੱਸ ਦਈਏ ਕਿ 2022 ਚੋਣਾਂ ਨਜਦੀਕ ਹਨ ਅਜੀਹੇ ਚ ਪਾਰਟੀ ਵਲੋਂ ਮੁੱਖ ਮੰਤਰੀ ਚਿਹਰੇ ਦਾ ਐਲਾਨ ਨਾ ਕਰਨਾ ਪਾਰਟੀ ਲਈ ਨੁਕਸਾਨ ਦਾਇਕ ਸਾਬਿਤ ਹੋ ਸਕਦਾ ਹੈ।

MUST READ