ਲਖੀਮਪੁਰ ਖੀਰੀ ਹਿੰਸਾ ਮਾਮਲੇ ’ਚ ਅਸ਼ੀਸ਼ ਮਿਸ਼ਰਾ ਨੂੰ 8 ਹਫਤਿਆਂ ਦੀ ਮਿਲੀ ਅੰਤਰਿਮ ਜ਼ਮਾਨਤ

ਕੇਂਦਰੀ ਮੰਤਰੀ ਅਜੈ ਮਿਸ਼ਰਾ ਦਾ ਮੁੰਡਾ ਹੈ ਅਸ਼ੀਸ਼ ਮਿਸ਼ਰਾ

ਨਵੀਂ ਦਿੱਲੀ/ਬਿਊਰੋ ਨਿਊਜ਼ : ਸੁਪਰੀਮ ਕੋਰਟ ਨੇ ਅੱਜ ਬੁੱਧਵਾਰ ਨੂੰ ਉਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਹਿੰਸਾ ਮਾਮਲੇ ਦੇ ਮੁੱਖ ਦੋਸ਼ੀ ਅਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਦੇ ਦਿੱਤੀ ਹੈ। ਧਿਆਨ ਰਹੇ ਕਿ ਅਸ਼ੀਸ਼ ਮਿਸ਼ਰਾ ਕੇਂਦਰੀ ਮੰਤਰੀ ਅਜੈ ਕੁਮਾਰ ਮਿਸ਼ਰਾ ਦਾ ਮੁੰਡਾ ਹੈ। ਅਦਾਲਤ ਨੇ ਅਸ਼ੀਸ਼ ਮਿਸ਼ਰਾ ਨੂੰ ਅੱਠ ਹਫਤਿਆਂ ਦੀ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ।

ਸੁਪਰੀਮ ਕੋਰਟ ਵਲੋਂ ਇਹ ਜ਼ਮਾਨਤ ਇਸ ਸ਼ਰਤ ’ਤੇ ਦਿੱਤੀ ਗਈ ਹੈ ਕਿ ਉਹ ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਐੱਨ.ਸੀ.ਟੀ. ’ਚ ਨਹੀਂ ਰਹੇਗਾ ਅਤੇ ਜ਼ਮਾਨਤ ’ਤੇ ਰਿਹਾਅ ਹੋਣ ਤੋਂ ਇਕ ਹਫਤੇ ਬਾਅਦ ਉੱਤਰ ਪ੍ਰਦੇਸ਼ ਛੱਡ ਜਾਵੇਗਾ। ਸੁਪਰੀਮ ਕੋਰਟ ਨੇ ਅਸ਼ੀਸ਼ ਮਿਸ਼ਰਾ ਨੂੰ ਉਸਦੀ ਰਿਹਾਇਸ਼ ਬਾਰੇ ਸੰਬੰਧਤ ਅਦਾਲਤ ਨੂੰ ਸੂਚਿਤ ਕਰਨ ਦਾ ਵੀ ਨਿਰਦੇਸ਼ ਦਿੱਤਾ ਹੈ। ਸੁਪਰੀਮ ਕੋਰਟ ਨੇ ਇਹ ਵੀ ਸਪੱਸ਼ਟ ਕੀਤਾ ਕਿ ਅਸ਼ੀਸ਼ ਮਿਸ਼ਰਾ ਜਾਂ ਉਸ ਦੇ ਪਰਿਵਾਰ ਵਲੋਂ ਗਵਾਹਾਂ ਨੂੰ ਪ੍ਰਭਾਵਿਤ ਕਰਨ ਅਤੇ ਮੁਕੱਦਮੇ ਵਿਚ ਦੇਰੀ ਕਰਨ ਦੀ ਕੋਸ਼ਿਸ਼ ਕਰਨ ਨਾਲ ਉਸਦੀ ਜ਼ਮਾਨਤ ਰੱਦ ਹੋ ਸਕਦੀ ਹੈ।

ਜ਼ਿਕਰਯੋਗ ਹੈ ਕਿ 3 ਅਕਤੂਬਰ 2021 ਨੂੰ ਲਖੀਮਪੁਰ ਖੀਰੀ ਵਿਚ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ’ਤੇ ਇਕ ਗੱਡੀ ਆ ਚੜ੍ਹੀ ਸੀ, ਮੀਡੀਆ ਰਿਪੋਰਟਾਂ ਮੁਤਾਬਕ ਇਸ ਗੱਡੀ ਵਿਚ ਅਸ਼ੀਸ਼ ਮਿਸ਼ਰਾ ਵੀ ਸਵਾਰ ਸੀ। ਇਸ ਦੌਰਾਨ ਚਾਰ ਕਿਸਾਨਾਂ ਦੀ ਮੌਕੇ ’ਤੇ ਹੀ ਜਾਨ ਚਲੀ ਗਈ ਸੀ। ਇਸ ਤੋਂ ਬਾਅਦ ਹੋਈ ਹਿੰਸਾ ਦੌਰਾਨ ਚਾਰ ਹੋਰ ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਸ ਸਾਰੀ ਘਟਨਾ ਲਈ ਅਸ਼ੀਸ਼ ਮਿਸ਼ਰਾ ’ਤੇ ਦੋਸ਼ ਲੱਗੇ ਸਨ। 

MUST READ