ਪੰਜਾਬ ਚ ਇੱਕ ਹੋਰ ਸਿਆਸੀ ਦਲ ਦਾ ਗਠਨ, ਗੁਰਨਾਮ ਸਿੰਘ ਚੜੂਨੀ ਹੋਣਗੇ ਮੁੱਖ ਮੰਤਰੀ ਦਾ ਚਿਹਰਾ

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਹੋਰ ਸਿਆਸੀ ਪਾਰਟੀ ਦਾ ਗਠਨ ਹੋਇਆ ਹੈ ਅਤੇ ਇਸ ਪਾਰਟੀ ਨੇ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੂੰ ਪੰਜਾਬ ਲਈ ਆਪਣਾ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ ਹੈ। ਸੂਤਰਾਂ ਮੁਤਾਬਿਕ ਲੁਧਿਆਣਾ ਵਿੱਚ ਵਪਾਰੀਆਂ ਅਤੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਮਿਲ ਕੇ ਨਵੇਂ ਰਾਜਨੀਤਕ ਦਲ ‘ ਭਾਰਤੀ ਆਰਥਿਕ ਪਾਰਟੀ’ ਦਾ ਗਠਨ ਕੀਤਾ ਹੈ। ਇਸ ਪਾਰਟੀ ਵੱਲੋਂ ਪੰਜਾਬ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ਲਈ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਨ ਦਾ ਵੀ ਫੈਸਲਾ ਕੀਤਾ ਗਿਆ ਹੈ।


ਪ੍ਰਾਪਤ ਜਾਣਕਾਰੀ ਅਨੁਸਾਰ ਦੇਸ਼ ਭਰ ਤੋਂ ਵਪਾਰ ਨਾਲ ਸਬੰਧਿਤ ਕਈ ਆਗੂਆਂ ਨੇ ਇਸ ਵਿੱਚ ਹਿੱਸਾ ਲਿਆ ਅਤੇ ਵਪਾਰੀ ਤਰੁਣ ਜੈਨ ਬਾਵਾ ਨੂੰ ਇਸ ਦਾ ਰਾਸ਼ਟਰੀ ਪ੍ਰਧਾਨ ਵੀ ਐਲਾਨਿਆ ਗਿਆ ਹੈ। ਗੁਰਨਾਮ ਸਿੰਘ ਚੜੂਨੀ ਨੇ ਕਈ ਵਾਰ ਕਿਸਾਨ ਜਥੇਬੰਦੀਆਂ ਨੂੰ ਪੰਜਾਬ ਵਿਚ ਚੋਣਾਂ ਲੜਨ ਦੀ ਅਪੀਲ ਕੀਤੀ ਹੈ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਗੁਰਨਾਮ ਸਿੰਘ ਚੜੂਨੀ ਨੂੰ ਇੱਕ ਹਫ਼ਤੇ ਲਈ ਸਸਪੈਂਡ ਵੀ ਕੀਤਾ ਗਿਆ ਸੀ। ਸੰਯੁਕਤ ਕਿਸਾਨ ਮੋਰਚਾ ਦਾ ਹਿੱਸਾ ਅਤੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਸੀ ਕਿ ਕਿਸਾਨ ਜਥੇਬੰਦੀਆਂ ਦਾ ਰਾਜਨੀਤੀ ਵਿੱਚ ਜਾਣ ਜਾਂ ਚੋਣਾਂ ਲੜਨ ਦਾ ਕੋਈ ਉਦੇਸ਼ ਨਹੀਂ ਹੈ। ਗੁਰਨਾਮ ਸਿੰਘ ਚੜੂਨੀ ਨੂੰ ਵੀ ਇਹ ਦੱਸਿਆ ਗਿਆ ਸੀ ਕਿ ਮੋਰਚੇ ਦੀ ਸ਼ੁਰੂਆਤ ਖੇਤੀ ਕਾਨੂੰਨਾਂ ਵਿਰੁੱਧ ਲੜਨ ਲਈ ਹੈ ਨਾ ਕਿ ਚੋਣਾਂ ਲੜਨ ਲਈ। ਗੁਰਨਾਮ ਸਿੰਘ ਚੜੂਨੀ ਨੇ ਵੀ ਕਿਸਾਨ ਮੋਰਚੇ ਵੱਲੋਂ ਉਨ੍ਹਾਂ ਨੂੰ ਸਸਪੈਂਡ ਕੀਤੇ ਜਾਣ ਦਾ ਫ਼ੈਸਲਾ ਗ਼ਲਤ ਕਰਾਰ ਦਿੱਤਾ ਸੀ ਅਤੇ ਆਖਿਆ ਸੀ ਕਿ ਇਸ ਨਾਲ ਉਹ ਆਪਣੇ ਪੱਖ ਨਹੀਂ ਬਦਲਣਗੇ।

MUST READ