ਅਕਾਲੀ ਦੱਲ ਸਯੁੰਕਤ ਅਤੇ ਭੀਮ ਆਰਮੀ ਸੈਨਾ ਵਿਚਕਾਰ 2022 ਪੰਜਾਬ ਚੋਣਾਂ ਲਈ ਹੋਇਆ ਗੱਠਜੋੜ

2022 ਪੰਜਾਬ ਚੋਣਾਂ ਨਜ਼ਦੀਕ ਹਨ। ਇਸੇ ਦੇ ਚਲਦੇ ਰਾਜਸੀ ਪਾਰਟੀਆਂ ਗਠਜੋੜ ਕਰਕੇ ਖੁਦ ਨੂੰ ਮਜ਼ਬੂਤ ਕਰ ਰਹੀਆਂ ਹਨ। ਹੁਣ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਅਤੇ ਭੀਮ ਆਰਮੀ ਸੈਨਾ ਵਿਚਕਾਰ ਅਗਾਮੀ ਵਿਧਾਨ ਸਭਾ ਚੋਣਾਂ ਲਈ ਅੱਜ ਚੋਣ ਗੱਠਜੋੜ ‘ਤੇ ਮੋਹਰ ਲੱਗੀ । ਇਸ ਮੌਕੇ ਅਜ਼ਾਦ ਸਮਾਜ ਪਾਰਟੀ ਵੀ ਸੰਯੁਕਤ ਅਕਾਲੀ ਦਲ ਨਾਲ ਜੁੜ ਗਈ ਹੈ।


ਭੀਮ ਆਰਮੀ ਦੇ ਨੇਤਾ ਚੰਦਰ ਸ਼ੇਖਰ ਰਾਜ ਸਭਾ ਮੈਂਬਰ ਸੁਖਦੇਵ ਢੀਂਡਸਾ ਨਾਲ ਪ੍ਰੈੱਸ ਕਾਨਫਰੰਸ ‘ਚ ਪੁੱਜੇ। ਇਸ ਮੌਕੇ ਢੀਂਡਸਾ ਨੇ ਕਿਹਾ ਕਿ ਲੋਕ ਅਕਾਲੀ ਦਲ, ਕਾਂਗਰਸ ਤੇ ਭਾਜਪਾ ਤੋਂ ਦੁਖੀ ਹਨ। ਲੋਕਾਂ ਦੀ ਦਿਲੀ ਇੱਛਾ ਕਿ ਇਕ ਸਾਂਝਾ ਫਰੰਟ ਬਣੇ, ਜਿਸਦੀ ਅੱਜ ਨੀਂਹ ਰੱਖਣ ਲੱਗੇ ਹਾਂ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੀ ਇੱਛਾ ਮੁਤਾਬਿਕ ਸਰਕਾਰ ਬਣਾਉਣਾ ਚਾਹੁੰਦੇ ਨੇ। ਉਨ੍ਹਾਂ ਬਲਵੰਤ ਸਿੰਘ ਰਾਮੂਵਾਲੀਆ ਨੂੰ ਪੰਜਾਬ ਚ ਆ ਕੇ ਕੰਮ ਕਰਨ ਲਈ ਕਿਹਾ। ਇਸ ਮੌਕੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਪੰਜਾਬ ਦਾ ਬੇੜਾ ਗਰਕ ਕੀਤਾ। ਉਹਨਾਂ ਕਿਹਾ ਕਿ ਪੰਜਾਬ ਆਰਥਿਕ ਤੌਰ ਤੇ ਕੰਗਾਲ ਹੋ ਗਿਆ ਹੈ। ਬਾਬੂ ਕਾਂਸੀ ਰਾਮ ਦੀ ਭੈਣ ਸਵਰਨ ਕੌਰ ਨੇ ਕਿਹਾ ਕਿ ਮੇਰੇ ਭਰਾ ਨੇ ਕੌਮੀ ਪਾਰਟੀ ਬਣਾਈ ਸੀ ਜੋ ਹੁਣ ਖੇਰੂ ਖੇਰੂੰ ਹੋ ਗਈ। ਉਹਨਾਂ ਲੋਕਾਂ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ।

ਦੱਸ ਦੇਈਏ ਕਿ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਅਤੇ ਆਰਮੀ ਸੈਨਾ ਦੇ ਪ੍ਰਧਾਨ ਚੰਦਰ ਸ਼ੇਖਰ ਵਿਚਕਾਰ ਸਿਆਸੀ ਗੱਠਜੋੜ ਨੂੰ ਲੈ ਕੇ ਸਾਰੀਆਂ ਤੰਦਾਂ ਪਹਿਲਾਂ ਹੀ ਬੁਣੀਆਂ ਜਾ ਚੁੱਕੀਆਂ ਸਨ ਸਿਰਫ਼ ਐਲਾਨ ਹੋਣਾ ਬਾਕੀ ਸੀ । ਅੱਜ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਦੁਪਹਿਰ ਬਾਰਾਂ ਵਜੇ ਪ੍ਰੈੱਸ ਕਲੱਬ ਚੰਡੀਗੜ੍ਹ ਵਿਖੇ ਪੱਤਰਕਾਰ ਮਿਲਣੀ ਸੱਦ ਕੇ ਰਾਜਸੀ ਗੱਠਜੋੜ ਦਾ ਐਲਾਨ ਕੀਤਾ। ਭੀਮ ਸੈਨਾ ਦਾ ਦੁਆਬੇ ਖਿੱਤੇ ਵਿਚ ਚੰਗਾ ਆਧਾਰ ਮੰਨਿਆ ਜਾਂਦਾ ਹੈ। ਬਹੁਜਨ ਸਮਾਜ ਪਾਰਟੀ ਤੋਂ ਬਾਗੀ ਆਗੂਆਂ ਅਤੇ ਦਲਿਤ ਵਰਗ ਦੇ ਲੋਕਾਂ ਦਾ ਭੀਮ ਆਰਮੀ ਵੱਲ ਕਾਫ਼ੀ ਝੁਕਾਅ ਹੈ । ਅਕਾਲੀ ਦਲ ਸੰਯੁਕਤ ਦਾ ਪਹਿਲਾਂ ਆਮ ਆਦਮੀ ਪਾਰਟੀ ਨਾਲ ਚੋਣ ਸਮਝੌਤੇ ਹੋਣ ਦੀਆਂ ਚਰਚਾਵਾਂ ਚੱਲੀਆਂ ਸਨ ਪਰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਕਿਸੇ ਪਾਰਟੀ ਨਾਲ ਚੋਣ ਸਮਝੌਤਾ ਕਰਨ ਤੋ ਮਨਾ ਕਰਦੇ ਹੋਏ ਢੀਂਡਸਾ ਨੂੰ ਆਪਣੀ ਪਾਰਟੀ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਨ ਦੀਆਂ ਗੱਲ ਕਹੀ ਸੀ।

MUST READ