ਸਾਰੇ ਸੰਸਦ ਮੈਂਬਰਾਂ ਨੇ ਪੁਰਾਣੇ ਸੰਸਦ ਭਵਨ ਨੂੰ ਕਿਹਾ ਅਲਵਿਦਾ

ਹੁਣ ‘ਸੰਵਿਧਾਨ ਸਦਨ’ ਦੇ ਨਾਂ ਨਾਲ ਜਾਣਿਆ ਜਾਵੇਗਾ ਪੁਰਾਣਾ ਸੰਸਦ ਭਵਨ

ਨਵੀਂ ਦਿੱਲੀ/ਬਿਊਰੋ ਨਿਊਜ਼ : ਪੁਰਾਣੇ ਸੰਸਦ ਭਵਨ ’ਚ ਅੱਜ ਸਦਨ ਦਾ ਆਖਰੀ ਦਿਨ ਸੀ ਅਤੇ ਇਸ ਦੇ ਨਾਲ ਹੀ ਸਾਰੇ ਸੰਸਦ ਮੈਂਬਰਾਂ ਨੇ ਪੁਰਾਣੇ ਸੰਸਦ ਭਵਨ ਨੂੰ ਅਲਵਿਦਾ ਆਖ ਦਿੱਤਾ। ਸਾਰੇ ਸੰਸਦ ਮੈਂਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਵਾਈ ਹੇਠ ਨਵੇਂ ਸੰਸਦ ਭਵਨ ਪਹੁੰਚੇ ਅਤੇ ਇਸ ਮੌਕੇ ਸਾਰੇ ਸੰਸਦ ਮੈਂਬਰ ਇਕੱਠੇ ਚਲਦੇ ਹੋਏ ਨਜ਼ਰ ਆਏ। ਇਸ ਤੋਂ ਪਹਿਲਾਂ ਪੁਰਾਣੇ ਸੰਸਦ ਭਵਨ ਦੇ ਸੈਂਟਰਲ ਹਾਲ ਵਿਚ ਇਕ ਵਿਦਾਇਗੀ ਸਮਾਰੋਹ ਕਰਵਾਇਆ ਗਿਆ ਅਤੇ ਇਹ ਲਗਭਗ ਦੋ ਘੰਟੇ ਤੱਕ ਚੱਲਿਆ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਇਸ ਸਦਨ ਨੂੰ ਧਾਰਾ 370, ਤਿੰਨ ਤਲਾਕ, ਜੀਐਸਟੀ ਵਰਗੇ ਵੱਡੇ ਫੈਸਲਿਆਂ ਲਈ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਰਾਣੇ ਸੰਸਦ ਭਵਨ ਦੀ ਬਿਲਡਿੰਗ ਦਾ ਨਾਂ ‘ਸੰਵਿਧਾਨ ਸਦਨ’ ਰੱਖਣ ਦਾ ਮਤਾ ਵੀ ਸਾਰੇ ਸੰਸਦ ਮੈਂਬਰਾਂ ਦੇ ਸਾਹਮਣੇ ਰੱਖਿਆ। ਉਧਰ ਨਵੇਂ ਸੰਸਦ ਭਵਨ ਵਿਚ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਸੰਸਦ ਭਵਨ ’ਚ ਆਪਣੇ ਪਹਿਲੇ ਸੰਬੋਧਨ ਦੌਰਾਨ ਕਿਹਾ ਕਿ ਵਿਗਿਆਨ ਜਗਤ ’ਚ ਚੰਦਰਯਾਨ 3 ਦੀ ਗਗਨਚੁੰਬੀ ਸਫ਼ਲਤਾ ’ਤੇ ਹਰ ਭਾਰਤ ਵਾਸੀ ਮਾਣ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਦੀ ਅਗਵਾਈ ’ਚ ਹੋਇਆ ਜੀ-20 ਸਿਖਰ ਸੰਮੇਲਨ ਵੀ ਮਾਣ ਵਾਲੀ ਗੱਲ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਅੱਜ ਦਾ ਸਮਾਂ ਪੁਰਾਣੀਆਂ ਗਲਤੀਆਂ ਨੂੰ ਭੁਲਾਉਣ ਦਾ ਅਤੇ ਅੱਗੇ ਵਧਣ ਦਾ ਸਮਾਂ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਮੇਰੇ ਵੱਲੋਂ ਜੋ ਵੀ ਜਾਣੇ-ਅਨਜਾਣੇ ਵਿਚ ਗਲਤੀਆਂ ਹੋਈ ਉਸ ਦੇ ਲਈ ਮੈਨੂੰ ਮੁਆਫ਼ ਕੀਤਾ ਜਾਵੇ।

MUST READ