ਜਾਣੋ ਕਿੰਝ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਨਵਜੋਤ ਸਿੱਧੂ ਤੇ ਕੀਤਾ ਪਲਟਵਾਰ, ਹੁਣ ਭਖੇਗਾ ਸਿਆਸੀ ਮਹੌਲ

ਅਕਾਲੀ ਦਲ ਨੇ ਨਵਜੋਤ ਸਿੱਧੂ ਦੇ ਹਮਲਿਆਂ ਦਾ ਪਲਟਵਾਰ ਕਰਦਿਆਂ ਸਿੱਧੂ ਨੁੰ ਪੁੱਛਿਆ ਹੈ ਕਿ ਮੌਜੂਦਾ ਕਾਂਗਰਸ ਸਰਕਾਰ ਦੇ ਰਾਜ ‘ਚ ਕਿਉਂ ਨਹੀਂ ਮਿਲੇਗੀ 3 ਰੁਪਏ ਪ੍ਰਤੀ ਯੂਨਿਟ ਬਿਜਲੀ ? ਪੰਜਾਬੀਆਂ ਨੁੰ ਗੁੰਮਰਾਹ ਕਰਨ ਦਾ ਯਤਨ ਨਾ ਕਰੋ ਕਿਉਂਕਿ ਤੁਸੀਂ ਤਾਂ ਆਪ ਹੀ ਬਿਜਲੀ ਮੰਤਰੀ ਬਣਨ ਤੋਂ ਇਨਕਾਰ ਕੀਤਾ ਸੀ ਇਹਨਾਂ ਗੱਲਾਂ ਦੇ ਨਾਲ ਬਿਕਰਮ ਸਿੰਘ ਮਜੀਠੀਆ ਨੇ ਸਿੱਧੂ ਤੇ ਪਲਟਵਾਰ ਕੀਤਾ ਹੈ। ਮਜੀਠੀਆ ਨੇ ਕਿਹਾ ਕਿ ਡਰਾਮੇ ਨਹੀ ਚੱਲਣਗੇ ਦੱਸੋ ਤੁਸੀਂ ਢਾਈ ਸਾਲ ਮੰਤਰੀ ਹੁੰਦਿਆਂ ਵਾਅਦੇ ਕਿਉਂ ਨਹੀਂ ਨਿਭਾਏ ।


ਮਜੀਠੀਆ ਨੇ ਅਕਾਲੀ ਦਲ ਤੇ ਬਸਪਾ ਸਰਕਾਰ ਬਣਨ ‘ਤੇ ਖੰਨਾ ਨੂੰ ਜ਼ਿਲ੍ਹਾ ਬਣਾਉਣ ਦਾ ਵੀ ਐਲਾਨ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵਜੋਤ ਸਿੱਧੂ ਵੱਲੋਂ 3 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦੇ ਝੂਠੇ ਵਾਅਦੇ ਨਾਲ ਪੰਜਾਬੀਆਂ ਨੁੰ ਗੁੰਮਰਾਹ ਕਰਨ ਦਾ ਯਤਨ ਕਰਨ ‘ਤੇ ਤਿੱਖਾ ਹਮਲਾ ਕੀਤਾ ਤੇ ਕਿਹਾ ਕਿ ਉਹ ਲੋਕਾਂ ਨੁੰ ਦੱਸਣ ਕਿ ਇਹ ਵਾਅਦਾ ਇਸ ਵੇਲੇ ਚਲ ਰਹੀ ਕਾਂਗਰਸ ਦੀ ਸਰਕਾਰ ਵੇਲੇ ਕਿਉਂ ਨਹੀਂ ਪੂਰਾ ਕੀਤਾ ਜਾ ਸਕਦਾ।
ਇਥੇ ਸ਼ਹੀਦ ਕਰਨੈਲ ਸਿੰਘ ਈਸੜੂ ਦੇ ਸ਼ਹੀਦੀ ਦਿਹਾੜੇ ‘ਤੇ ਉਹਨਾਂ ਨੁੰ ਸ਼ਰਧਾਂਜਲੀ ਭੇਂਟ ਕਰਨ ਲਈ ਹੋਏ ਸਮਾਗਮ ਵਿਚ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸੀਨੀਅਰ ਅਕਾਲੀ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਘਰੇਲੂ ਖਪਤਕਾਰਾਂ ਨੁੰ 3 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਬਿਜਲੀ ਦੇਣ ਦੇ ਨਵਜੋਤ ਸਿੱਧੂ ਦੇ ਨਵੇਂ ਵਾਅਦੇ ‘ਤੇ ਲੋਕ ਹੈਰਾਨ ਹਨ। ਉਹਨਾਂ ਨੇ ਸਿੱਧੂ ਨੁੰ ਆਖਿਆ ਕਿ ਉਹ ਦੱਸਣ ਕਿ ਉਹਨਾਂ ਨੁੰ ਹੁਣ ਇਸ ਵੇਲੇ ਇਹ ਵਾਅਦਾ ਪੂਰਾ ਕਰਨ ਤੋਂ ਕੌਣ ਰੋਕ ਰਿਹਾ ਹੈ ਜਦੋਂ ਸੂਬੇ ਵਿਚ ਉਹਨਾਂ ਦੀ ਆਪਣੀ ਪਾਰਟੀ ਦੀ ਸਰਕਾਰ ਹੈ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਸਿੱਧੂ ਨੇ ਬਿਜਲੀ ਮੰਤਰੀ ਬਣਨ ਤੋਂ ਇਨਕਾਰ ਕਰ ਦਿੱਤਾ ਸੀ ਜਦਕਿ ਉਹ ਇਹ ਵਿਭਾਗ ਸੰਭਾਲ ਦੇ ਦੋ ਸਾਲ ਪਹਿਲਾਂ ਹੀ ਲੋਕਾਂ ਨੁੰ ਰਾਹਤ ਦੇ ਸਕਦੇ ਸਨ। ਮਜੀਠੀਆ ਨੇ ਕਿਹਾ ਕਿ ਸਿੱਧੂ ਕਦੇ ਵੀ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਗੰਭੀਰ ਨਹੀਂ ਸਨ ਤੇ ਨਾ ਹੀ ਹੋ ਸਕਦੇ ਹਨ ਤੇ ਉਹਨਾਂ ਦੀ ਦਿਲਚਸਪੀ ਸਿਰਫ ਡਰਾਮੇਬਾਜ਼ੀ ਨਾਲ ਲੋਕਾਂ ਨੂੰ ਮੂਰਖ ਬਣਾਉਣ ਵਿਚ ਹੈ।

ਅਕਾਲੀ ਆਗੂ ਨੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨੁੰ ਇਹ ਵੀ ਪੁੱਛਿਆ ਕਿ ਉਹਨਾਂ ਨੇ ਕਾਂਗਰਸ ਪਾਰਟੀ ਵੱਲੋਂ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਕੀਤੇ ਵਾਅਦੇ ਉਦੋਂ ਕਿਉਂ ਪੂਰੇ ਨਹੀਂ ਕੀਤੇ ਜਦੋਂ ਉਹ ਢਾਈ ਸਾਲ ਤੱਕ ਮੰਤਰੀ ਰਹੇ ਯਾਨੀ ਕਿ ਸਰਕਾਰ ਦੇ ਕਾਰਜਕਾਲ ਦਾ ਅੱਧਾ ਸਮਾਂ। ਉਹਨਾਂ ਕਿਹਾ ਕਿ ਘਰ ਘਰ ਨੌਕਰੀ ਤੇ ਕਿਸਾਨਾਂ ਲਈ ਪੂਰਨ ਕਰਜ਼ਾ ਮੁਆਫੀ ਕਿਥੇ ਹੈ ? ਉਹਨਾਂ ਕਿਹਾ ਕਿ ਹੁਣ ਸਿੱਧੂ ਜਾਅਲੀ ਤੇ ਝੁਠੇ ਵਾਅਦਿਆਂ ਦੀ ਇਕ ਹੋਰ ਪਟਾਰੀ ਨਾਲ ਲੋਕਾਂ ਨੂੰ ਮੂਰਖ ਬਣਾਉਣ ਦਾ ਯਤਨ ਕਰ ਰਹੇ ਹਨ।

ਉਹਨਾਂ ਕਿਹਾ ਕਿ ਲੋਕ ਵੇਖ ਰਹੇ ਹਨ ਕਿ ਕਿਵੇਂ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ, ਗੁਰਕੀਰਤ ਕੋਟਲੀ ਤੇ ਹੋਰ ਜੋ ਰੇਤ ਮਾਇਨਿੰਗ ਤੇ ਨਜਾਇਜ਼ ਸ਼ਰਾਬ ਵੇਚਣ ਸਮੇਤ ਹੋਰ ਗੈਰ ਕਾਨੂੰਨੀ ਗਤੀਵਿਧੀਆਂ ਪਿਛਲੇ ਸਾਢੇ ਚਾਰ ਸਾਲ ਤੋਂ ਕਰ ਰਹੇ ਸਨ, ਉਹ ਕਿਵੇਂ ਸਿੱਧੂ ਦੇ ਕੱਟੜ ਸਮਰਥਕ ਬਣ ਗਏ ਹਨ। ਉਹਨਾਂ ਕਿਹਾ ਕ ਸਿੱਧੂ ਨੇ ਪਹਿਲਾਂ ਮਾਫੀਆ ਤੱਤਾਂ ਦੇ ਖਿਲਾਫ ਹੋਣ ਦੇ ਵੱਡੇ ਵੱਡੇ ਦਾਅਵੇ ਕੀਤੇ ਸਨ ਪਰ ਹੁਣ ਇਹਨਾਂ ਨੁੰ ਖੁੱਲ੍ਹਦਿਲੀ ਨਾਲ ਜੱਫੀਆਂ ਪਾ ਰਹੇ ਹਨ।

ਸਰਦਾਰ ਮਜੀਠੀਆ ਨੇ ਕਿਹਾ ਕਿ ਅੱਜ ਆਜ਼ਾਦੀ ਘੁਲਾਟੀਆਂ ਨੇ ਸੁਖਜਿੰਦਰ ਸਿੰਘ ਰੰਧਾਵਾ ਤੇ ਹੋਰ ਮੰਤਰੀਆਂ ਦੇ ਪ੍ਰੋਗਰਾਮਾਂ ਦੇ ਸਰਕਾਰੀ ਪ੍ਰੋਗਰਾਮਾਂ ਦਾ ਇਸ ਕਰ ਕੇ ਬਾਈਕਾਟ ਕੀਤਾ ਕਿਉਂਕਿ ਕਾਂਗਰਸ ਨੇ ਇਹਨਾਂ ਪਰਿਵਾਰਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਉਹਨਾਂ ਕਿਹਾ ਕਿ ਅੱਧੀ ਦਰਜਨ ਨਾਲੋਂ ਵੱਧ ਜ਼ਿਲ੍ਹਿਆਂ ਵਿਚ ਤਾਂ ਅਧਿਆਪਕਾਂ ਤੇ ਹੋਰ ਮੁਲਾਜ਼ਮਾਂ ਨੇ ਤਿਰੰਗਾ ਲਹਿਰਾਉਣ ਗਏ ਕੈਬਨਿਟ ਮੰਤਰੀਆਂ ਦਾ ਘਿਰਾਓ ਵੀ ਕੀਤਾ ਕਿਉਂਕਿ ਬਜਾਏ ਇਹਨਾਂ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦੇ, ਸਰਕਾਰ ਇਹਨਾਂ ਨੁੰ ਡਾਂਗਾਂ ਮਾਰ ਮਾਰ ਕੇ ਪੱਕਾ ਕਰ ਰਹੀ ਹੈ। ਉਹਨਾਂ ਕਿਹਾ ਕਿ ਸ਼ਹੀਦ ਕਰਨੈਲ ਸਿੰਘ ਈਸੜੂ ਜੋ ਖੁਦ ਇਕ ਅਧਿਆਪਕ ਸਨ, ਦੀ ਬਰਸੀ ‘ਤੇ ਅਧਿਆਪਕਾਂ ਨਾਲ ਅਜਿਹਾ ਵਿਹਾਰ ਸ਼ਰਮਨਾਕ ਤੇ ਨਿੰਦਣਯੋਗ ਹੈ।

ਅਕਾਲੀ ਆਗੂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਵੀ ਪੁੱਛਿਆ ਕਿ ਕੀ ਉਹ ਨਵਜੋਤ ਸਿੱਧੂ ਦੇ ਨਵੇਂ ਸਲਾਹਕਾਰ ਮਾਲਵਿੰਦਰ ਮਾਲੀ ਦੀ ਪੋਸਟ ਨਾਲ ਸਹਿਮਤ ਹਨ ਜਿਸ ਵਿਚ ਉਹਨਾਂ ਦਾਅਵਾ ਕੀਤਾ ਹੈ ਕਿ ਕਸ਼ਮੀਰ ਭਾਰਤ ਦਾ ਹਿੱਸਾ ਨਹੀਂ ਹੈ ਬਲਕਿ ਭਾਰਤ ਨੇ ਉਸ ‘ਤੇ ਜ਼ਬਰੀ ਕਬਜ਼ਾ ਕੀਤਾ ਹੋਇਆ ਹੈ। ਉਹਨਾਂ ਕਿਹਾ ਕਿ ਅਜਿਹੇ ਸ਼ਬਦ ਵਰਤਣੇ ਬਹੁਤ ਹੀ ਸ਼ਰਮਨਾਕ ਹਨ ਕਿਉਂਕਿ ਬਾਰਡਰਾਂ ‘ਤੇ ਸ਼ਹੀਦ ਹੋਣ ਵਾਲੇ ਫੌਜੀਆਂ ਵਿਚੋਂ ਬਹੁ ਗਿਣਤੀ ਪੰਜਾਬੀ ਹਨ।

ਉਹਨਾਂ ਇਹ ਵੀ ਐਲਾਨ ਕੀਤਾ ਕਿ ਸੂਬੇ ਵਿਚ 2022 ਵਿਚ ਅਕਾਲੀ ਦਲ ਤੇ ਬਸਪਾ ਸਰਕਾਰ ਬਣਨ ਤੋਂ ਸ਼ਹੀਦ ਕਰਨੈਲ ਸਿੰਘ ਈਸੜੂ ਨੂੰ ਸ਼ਰਧਾਂਜਲੀ ਵਜੋਂ ਖੰਨਾ ਨੁੰ ਜ਼ਿਲ੍ਹਾ ਬਣਾਇਆ ਜਾਵੇਗਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਬਸਪਾ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਡਾ. ਦਲਜੀਤ ਸਿੰਘ ਚੀਮਾ, ਹੀਰਾ ਸਿੰਘ ਗਾਬੜ੍ਹੀਆ, ਸ਼ਰਨਜੀਤ ਸਿੰਘ ਢਿੱਲੋਂ, ਜਥੇਦਾਰ ਸੰਤਾ ਸਿੰਘ ਉਮੈਦਪੁਰੀ, ਹਰੀਸ਼ ਰਾਏ ਢਾਂਡਾ, ਜੀਵਨ ਧਵਨ, ਈਸ਼ਰ ਸਿੰਘ ਮੇਹਰਬਾਨ, ਯਾਦਵਿੰਦਰ ਸਿੰਘ ਯਾਦੂ, ਜਥੇਦਾਰ ਰਘੂਬੀਰ ਸਿੰਘ ਸਹਾਰਨਮਾਜਰਾ, ਦਲਮੇਘ ਸਿੰਘ ਖੱਟੜਾ, ਜਤਿੰਦਰਪਾਲ ਸਿੰਘ ਐਡਵੋਕੇਟ, ਸਾਧਾ ਸਿੰਘ ਮਹਿਤਪੁਰ, ਪਰਮਜੀਤ ਸਿੰਘ ਢਿੱਲੋਂ ਤੇ ਇਕਬਾਲ ਸਿੰਘ ਚੰਨੀ ਵੀ ਹਾਜ਼ਰ ਸਨ।

MUST READ