ਅਕਾਲੀ ਦਲ ਵਲੋਂ ਪੰਜਾਬ 2022 ਵਿਧਾਨ ਸਭਾ ਚੋਣਾਂ ਲਈ 6 ਹੋਰ ਉਮੀਦਵਾਰਾਂ ਦਾ ਐਲਾਨ

ਪੰਜਾਬ 2022 ਵਿਧਾਨ ਸਭਾ ਦੀਆਂ ਚੋਣਾਂ ਨੂੰ ਧਿਆਨ ਚ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗੱਠਜੋੜ ਨੇ ਆਪਣੇ ਛੇ ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਵਿੱਚ ਬਠਿੰਡਾ ਜ਼ਿਲ੍ਹੇ ਦੇ ਦੋ ਹਲਕਿਆਂ ਮੌੜ ਮੰਡੀ ਅਤੇ ਤਲਵੰਡੀ ਸਾਬੋ ਤੋਂ ਅਕਾਲੀ ਦਲ ਦੇ ਉਮੀਦਵਾਰਾਂ ਦਾ ਵੀ ਐਲਾਨ ਕੀਤਾ ਗਿਆ ਹੈ। ਪਾਰਟੀ ਦੇ ਸੀਨੀਅਰ ਆਗੂ ਦਲਜੀਤ ਚੀਮਾ ਵੱਲੋਂ ਟਵੀਟ ਰਾਹੀਂ ਦਿੱਤੀ ਗਈ ਜਾਣਕਾਰੀ ਅਨੁਸਾਰ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਕੁਝ ਸਮਾਂ ਪਹਿਲਾਂ ਹੀ ਕਾਂਗਰਸ ਛੱਡ ਕੇ ਅਕਾਲੀ ਦਲ ‘ਚ ਸ਼ਾਮਲ ਹੋਣ ਵਾਲੇ ਜਗਮੀਤ ਸਿੰਘ ਬਰਾੜ ਨੂੰ ਮੌੜ ਮੰਡੀ ਹਲਕੇ ਤੋਂ ਵਿਧਾਨ ਸਭਾ ਲਈ ਅਕਾਲੀ ਦਲ ਬਸਪਾ ਗੱਠਜੋੜ ਦਾ ਉਮੀਦਵਾਰ ਬਣਾਇਆ ਗਿਆ ਹੈ ਜਦੋਂ ਕਿ ਤਲਵੰਡੀ ਸਾਬੋ ਵਿਧਾਨ ਸਭਾ ਹਲਕੇ ਤੋਂ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੂੰ ਟਿਕਟ ਦੇਣ ਦਾ ਐਲਾਨ ਕੀਤਾ ਗਿਆ ਹੈ।

ਜੀਤ ਮਹਿੰਦਰ ਸਿੱਧੂ ਤਲਵੰਡੀ ਸਾਬੋ ਤੋਂ ਵਿਧਾਇਕ ਰਹਿ ਚੁੱਕੇ ਹਨ। ਇਸ ਤਰ੍ਹਾਂ ਹੀ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੀ ਜੈਤੋ ਵਿਧਾਨ ਸਭਾ ਹਲਕੇ ਤੋਂ ਸੂਬਾ ਸਿੰਘ ਬਾਦਲ, ਕੋਟਕਪੂਰਾ ਵਿਧਾਨ ਸਭਾ ਹਲਕੇ ਤੋਂ ਮਨਤਾਰ ਸਿੰਘ ਬਰਾੜ, ਸ੍ਰੀ ਮੁਕਤਸਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਅਤੇ ਫ਼ਰੀਦਕੋਟ ਵਿਧਾਨ ਸਭਾ ਹਲਕੇ ਤੋਂ ਯੂਥ ਅਕਾਲੀ ਦਲ ਦੇ ਪ੍ਰਧਾਨ ਬੰਟੀ ਰੋਮਾਣਾ ਨੂੰ ਉਮੀਦਵਾਰ ਬਣਾਇਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਮੌੜ ਮੰਡੀ ਵਿਧਾਨਸਭਾ ਹਲਕੇ ਤੋਂ ਟਿਕਟ ਨਾ ਦੇਣ ਤੇ ਪਾਰਟੀ ਨਾਲ ਨਾਰਾਜ਼ ਚੱਲ ਰਹੇ ਹਨ ਜਦੋਂਕਿ ਇਸ ਦੇ ਵਿੱਚ ਹੀ ਅਕਾਲੀ ਦਲ ਨੇ ਜਗਮੀਤ ਬਰਾੜ ਨੂੰ ਉਮੀਦਵਾਰ ਬਣਾ ਦਿੱਤਾ ਹੈ।

ਹਾਲਾਂਕਿ ਮਲੂਕਾ ਕਹਿ ਚੁੱਕੇ ਹਨ ਕਿ ਉਹ ਰਾਮਪੁਰਾ ਫੂਲ ਹਲਕੇ ਤੋਂ ਚੋਣ ਨਹੀਂ ਲੜਨਗੇ ਪਰ ਪਾਰਟੀ ਜਿੱਥੇ ਵੀ ਜ਼ਿੰਮੇਵਾਰੀ ਲਾਵੇਗੀ, ਉਹ ਉਸ ਨੂੰ ਨਿਭਾਉਣਗੇ। ਦੂਜੇ ਪਾਸੇ ਮਲੂਕਾ ਦੇ ਸਟੈਂਡ ਨੂੰ ਲੈ ਕੇ ਅਕਾਲੀ ਦਲ ‘ਚ ਕਾਫ਼ੀ ਹਲਚਲ ਮਚੀ ਹੋਈ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਮਲੂਕਾ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਮਲੂਕਾ ਦੀ ਅਕਾਲੀ ਦਲ ਨਾਲ ਨਾਰਾਜ਼ਗੀ ਦਾ ਨੁਕਸਾਨ ਮੌੜ ਵਿਧਾਨ ਸਭਾ ਹਲਕੇ ਵਿਚ ਹੋ ਸਕਦਾ ਹੈ।

MUST READ