ਮੁਅੱਤਲ ਹੋਣ ਤੋਂ ਬਾਅਦ ਗੁਰਨਾਮ ਸਿੰਘ ਚੜੂਨੀ ਨੇ ਕੀਤਾ ਵੱਡਾ ਐਲਾਨ

ਨਵੀਂ ਦਿੱਲੀ: ਭਾਰਤੀ ਕਿਸਾਨ ਯੂਨੀਅਨ (ਹਰਿਆਣਾ) ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਸਰਕਾਰ ਨੂੰ ਸਾਫ਼ ਕੀਤਾ ਹੈ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਹਫਤੇ ਲਈ ਮੁਅੱਤਲ ਕਰਨ ਦੇ ਕਰਕੇ ਕਿਤੇ ਸਰਕਾਰ ਇਹ ਨਾ ਸਮਝ ਲਵੇ ਕਿ ਇਸ ਦੇ ਨਾਲ ਸੰਯੁਕਤ ਕਿਸਾਨ ਮੋਰਚੇ ‘ਚ ਕੋਈ ਫੁੱਟ ਪਈ ਹੋਵੇਗੀ । ਉਹਨਾਂ ਸਪਸ਼ਟ ਕੀਤਾ ਕਿ ਇਸ ਨਾਲ ਉਹ ਪਹਿਲਾਂ ਨਾਲੋਂ ਵੀ ਵੱਧ ਸਰਗਰਮ ਹੋ ਕੇ ਅੰਦੋਲਨ ਚ ਸ਼ਾਮਲ ਹੋਣਗੇ।


ਚੜੂਨੀ ਨੇ ਇਸ ਬਾਰੇ ਗੱਲ ਕਰਦਿਆਂ ਇੱਕ ਵੀਡੀਓ ਸੁਨੇਹੇ ਵਿੱਚ ਕਿਹਾ ਕਿ ਚੋਣ ਮੈਦਾਨ ‘ਚ ਨਿੱਤਰਨ ਦਾ ਫ਼ੈਸਲਾ ਸਰਬਸੰਮਤੀ ਨਾਲ ਨਹੀਂ ਲਿਆ ਗਿਆ, ਪਰ ਉਹ ਸੱਤਾ ਤਬਦੀਲੀ ਦੀ ਥਾਂ ‘ਵਿਵਸਥਾ ਤਬਦੀਲੀ’ ਦੀ ਗੱਲ ਕਰਦੇ ਹਨ ਤੇ ਅੱਗੋਂ ਵੀ ਆਪਣੇ ਸਟੈਂਡ ਉਪਰ ਕਾਇਮ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਭਜਨ ਲਾਲ ਸਰਕਾਰ, ਦੇਵੀ ਲਾਲ ਸਰਕਾਰ, ਚੌਟਾਲਾ ਸਰਕਾਰ ਤੇ ਮੌਜੂਦਾ ਗੱਠਜੋੜ ਸਰਕਾਰ ਕਿਸਾਨੀ ਵਾਅਦਿਆਂ ਨਾਲ ਸੱਤਾ ਵਿੱਚ ਆਈਆਂ, ਪਰ ਮਗਰੋਂ ਕਿਸਾਨੀ ਮੰਗਾਂ ਤੋਂ ਪਿੱਛੇ ਹਟ ਗਈਆਂ।

ਉਨ੍ਹਾਂ ਕਿਹਾ ਕਿ ‘ਉੱਤਰਾਖੰਡ/ਉੱਤਰ ਪ੍ਰਦੇਸ਼ ਮਿਸ਼ਨ’ ਨਾਲ ਕੀ ਗਾਰੰਟੀ ਹੈ ਕਿ ਅਗਲੀ ਸਰਕਾਰ ਵੀ ਕਿਸਾਨਾਂ ਦੇ ਹਿੱਤਾਂ ਦਾ ਧਿਆਨ ਕਰੇਗੀ। ਇਸ ਲਈ ਮੇਰੀ ਨਿੱਜੀ ਰਾਇ ਹੈ ਕਿ ‘ਵਿਵਸਥਾ ਤਬਦੀਲੀ’ ਜ਼ਰੂਰੀ ਹੈ। ਚੋਣਾਂ ਉਨ੍ਹਾਂ ਲੋਕਾਂ ਨੂੰ ਹੀ ਜਤਾਈਆਂ ਜਾਣ ਜੋ ਕਿਸਾਨਾਂ ਦੀਆਂ ਸਮੱਸਿਆਵਾਂ ਸਮਝਦੇ ਹਨ।
ਦਸਣ ਯੋਗ ਕਿ ਸੰਯੁਕਤ ਕਿਸਾਨ ਮੋਰਚੇ ਨੇ ਭਾਰਤੀ ਕਿਸਾਨ ਯੂਨੀਅਨ (ਹਰਿਆਣਾ) ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੂੰ ਉਨ੍ਹਾਂ ਦੇ ‘ਪੰਜਾਬ ਮਿਸ਼ਨ’ ਵਾਲੇ ਬਿਆਨ ਦੇ ਆਧਾਰ ‘ਤੇ ਮੋਰਚੇ ਵਿੱਚੋਂ ਹਫ਼ਤੇ ਲਈ ਮੁਅੱਤਲ ਕਰ ਦਿੱਤਾ ਹੈ। ਚੜੂਨੀ ਨੇ ‘ਪੰਜਾਬ ਮਿਸ਼ਨ’ ਤਹਿਤ ਸੁਝਾਅ ਦਿੱਤਾ ਸੀ ਕਿ ‘ਸਿਸਟਮ ਵਿੱਚ ਬਦਲਾਅ’ ਲਈ ਕਿਸਾਨ ਯੂਨੀਅਨਾਂ ਨੂੰ ਅਗਾਮੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲੜਨੀਆਂ ਚਾਹੀਦੀਆਂ ਹਨ। ਮੋਰਚੇ ਨੇ ਹਾਲਾਂਕਿ ਚੜੂਨੀ ਦੇ ਇਸ ਬਿਆਨ ਤੋਂ ਖੁ਼ਦ ਨੂੰ ਵੱਖ ਕਰਦਿਆਂ ਇਸ ਨੂੰ ਕਿਸਾਨ ਆਗੂ ਦੀ ਨਿੱਜੀ ਰਾਇ ਦੱਸਕੇ ਆਪਣਾ ਪੱਲਾ ਝਾੜ ਲਿਆ ਸੀ।

MUST READ