ਕੈਪਟਨ ਵਲੋਂ ਉਲੰਪਿਅਨ ਖਿਡਾਰੀਆਂ ਨੂੰ ਖਾਣਾ ਖਿਲਾਉਣ ਤੇ ਤਰੁਣ ਚੁੱਘ ਨੇ ਕੱਸਿਆ ਤੰਜ, ਦਿੱਤੀ ਇਹ ਨਸੀਹਤ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਓਲੰਪੀਅਨ ਖਿਡਾਰੀਆਂ ਨੂੰ ਖਾਣਾ ਖੁਆਉਣ ‘ਤੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਉਹਨਾਂ ‘ਤੇ ਤੰਜ ਕੱਸਿਆ ਹੈ। ਉਨ੍ਹਾਂ ਕਿਹਾ ਕਿ ਖਿਡਾਰੀਆਂ ਦਾ ਸਨਮਾਨ ਕਰਨਾ ਬਹੁਤ ਸ਼ਲਾਘਾਯੋਗ ਕਦਮ ਹੈ ਪਰ ਗੱਲ ਤਾਂ ਇਹ ਹੈ ਕਿ ਅਸੀਂ ਖਿਡਾਰੀਆਂ ਨੂੰ ਕੀ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਕਿਹੋ ਜਿਹੇ ਹਾਲਾਤ ਹਨ ਕਿ ਪੰਜਾਬ ਦੇ ਖਿਡਾਰੀ ਹਰਿਆਣਾ ਵੱਲੋਂ ਖੇਡ ਰਹੇ ਹਨ।

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਰਸੋਈ ‘ਚ ਪਕਵਾਨ ਬਣਾਉਣ ਦੀ ਥਾਂ ਜਨਤਾ ਦੀਆਂ ਸਮੱਸਿਆਵਾਂ ਸੁਣਨੀਆਂ ਚਾਹੀਦੀਆਂ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਖਿਡਾਰੀਆਂ ਨੂੰ ਅਜਿਹੀਆਂ ਸਹੂਲਤਾਵਾਂ ਦਿੱਤੀਆਂ ਜਾਣ ਤਾਂ ਜੋ ਉਹ ਮੈਡਲ ਜਿੱਤ ਕੇ ਆਉਣ। ਉਨ੍ਹਾਂ ਕਿਹਾ ਕਿ ਜਦੋਂ ਖਿਡਾਰੀ ਜਿੱਤ ਕੇ ਆਉਣਗੇ ਤਾਂ ਉਨ੍ਹਾਂ ਨੂੰ ਕੈਪਟਨ ਜੀ ਸਦਕੇ ਖਾਣਾ ਖੁਆ ਦੇਣ ਪਰ ਪਹਿਲਾਂ ਉਨ੍ਹਾਂ ਨੂੰ ਜਿੱਤਣ ਜੋਗੇ ਤਾਂ ਬਣਾਉਣ। ਪੰਜਾਬ ਦੇ ਹਾਲਾਤ ਬਾਰੇ ਕਾਂਗਰਸ ਸਰਕਾਰ ਨੂੰ ਘੇਰਦਿਆਂ ਤਰੁਣ ਚੁੱਘ ਨੇ ਕਿਹਾ ਕਿ ਪੰਜਾਬ ‘ਚ ਕਾਂਗਰਸ ਸਰਕਾਰ ਦੇ ਕਾਰਜਕਾਲ ‘ਚ ਹਰ ਵਰਗ ਦੇ ਲੋਕ ਹੜਤਾਲ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਨਰਸਾਂ, ਡਾਕਟਰ, ਅਧਿਆਪਕ, ਵਿਦਿਆਰਥੀ ਹੜਤਾਲ ‘ਤੇ ਹਨ ਅਤੇ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ। ਤਰੁਣ ਚੁੱਘ ਨੇ ਕਿਹਾ ਕਿ ਜਿਨ੍ਹਾਂ ਨੂੰ ਨੌਕਰੀਆਂ ਮਿਲ ਵੀ ਗਈਆਂ ਹਨ, ਉਨ੍ਹਾਂ ਨੂੰ ਤਨਖ਼ਾਹਾਂ ਨਹੀਂ ਮਿਲ ਰਹੀਆਂ। ਉਨ੍ਹਾਂ ਕਿਹਾ ਕਿ ਇੰਨਾ ਹੀ ਨਹੀਂ, ਜਿਨ੍ਹਾਂ ਨੂੰ ਤਨਖ਼ਾਹਾਂ ਮਿਲ ਗਈਆਂ ਹਨ, ਉਨ੍ਹਾਂ ਤੱਕ ਭੱਤੇ ਨਹੀਂ ਪਹੁੰਚੇ ਅਤੇ ਪੀ. ਐਫ. ਜਮ੍ਹਾਂ ਨਹੀਂ ਹੋਏ। ਉਨ੍ਹਾਂ ਕਿਹਾ ਕਿ ਸੂਬੇ ‘ਚ ਰੋਜ਼ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਤੇ ਮਾਫ਼ੀਆ ਸਰਕਾਰ ‘ਤੇ ਭਾਰੀ ਹੈ। ਉਨ੍ਹਾਂ ਕਿਹਾ ਕਿ ਸੂਬੇ ‘ਚ ਸਰਕਾਰ ਚੱਲ ਨਹੀਂ ਰਹੀ ਹੈ ਅਤੇ ਅੱਜ ਖ਼ੁਦ ਕਾਂਗਰਸ ਪਾਰਟੀ ਦੇ ਲੋਕ ਹੀ ਇਹ ਕਹਿ ਰਹੇ ਹਨ ਕਿ ਉਨ੍ਹਾਂ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਜਨਤਾ ਦੀਆਂ ਉਮੀਦਾਂ ‘ਤੇ ਖ਼ਰਾ ਨਹੀਂ ਉੱਤਰ ਸਕੇ ਹਨ।

MUST READ