ਪੰਜਾਬ ਦੇ ਲੁਧਿਆਣਾ ਤੋਂ ਬਾਅਦ ਹੁਸ਼ਿਆਰਪੁਰ ਅਤੇ ਟਾਂਡਾ ਚ ਬੱਚੇ ਨਿਕਲੇ ਕੋਰੋਨਾ ਪਾਜ਼ਿਟਿਵ, ਸਕੂਲ ਹੋ ਸਕਦੇ ਨੇ ਬੰਦ
ਲੁਧਿਆਣਾ, ਹੁਸ਼ਿਆਰਪੁਰ, ਟਾਂਡਾ ਦੇ ਸਰਕਾਰੀ ਸਕੂਲਾਂ ਦੇ ਬੱਚੇ ਕੋਰੋਨਾ ਦੀ ਲਪੇਟ ਵਿੱਚ ਆ ਗਏ ਹਨ। ਇਸ ਦੇ ਚਲਦੇ ਪੰਜਾਬ ਵਿੱਚ ਸਕੂਲ ਮੁੜ ਬੰਦ ਹੋ ਸਕਦੇ ਹਨ। ਇਹ ਸੰਕੇਤ ਲੁਧਿਆਣਾ ਤੇ ਹੋਰ ਜ਼ਿਲ੍ਹੇ ਦੇ ਸਕੂਲਾਂ ਵਿੱਚ ਕੋਰੋਨਾ ਕੇਸ ਸਾਹਮਣੇ ਆਉਣ ਮਗਰੋਂ ਮਿਲੇ ਹਨ। ਬੇਸ਼ੱਕ ਇਸ ਬਾਰੇ ਕਿਸੇ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀ ਪਰ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਕਿਹਾ ਹੈ ਕਿ ਜੇ ਲੋੜ ਪਈ ਤਾਂ ਸਕੂਲ ਬੰਦ ਕੀਤੇ ਜਾ ਸਕਦੇ ਹਨ।
ਸਿੱਖਿਆ ਮੰਤਰੀ ਨੇ ਕਿਹਾ ਹੈ ਕਿ ਇਸ ਸਬੰਧੀ ਪੰਜਾਬ ਦੇ ਚੀਫ ਸੈਕਟਰੀ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਵੀਡੀਓ ਕਾਨਫਰੰਸ ਕੀਤੀ ਜਾ ਰਹੀ ਹੈ। ਜ਼ਮੀਨੀ ਸਥਿਤੀ ਦੀ ਪੜਚੋਲ ਕਰਨ ਤੋਂ ਬਾਅਦ ਜੇ ਲੋੜ ਪਈ ਤਾਂ ਸਕੂਲ ਮੁੜ ਬੰਦ ਕੀਤੇ ਜਾ ਸਕਦੇ ਹਨ।
ਸਿਹਤ ਵਿਭਾਗ ਦੇ ਅੰਕੜਿਆਂ ਮੁਤਾਬਕ ਲੁਧਿਆਣਾ ਦੇ ਨਿਊ ਸੁਭਾਸ਼ ਨਗਰ ਤੇ ਕੈਲਾਸ਼ ਨਗਰ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ 20 ਬੱਚੇ ਕੋਰੋਨਾ ਦੀ ਲਪੇਟ ਵਿੱਚ ਆਏ ਹਨ। ਸਿਹਤ ਅਧਿਕਾਰੀ ਨੇ ਦੱਸਿਆ ਕਿ ਕੈਲਾਸ਼ ਨਗਰ ਦੇ ਸਰਕਾਰੀ ਸਕੂਲ ਵਿੱਚ ਪੜ੍ਹਦੇ 12 ਬੱਚੇ, ਜਦਕਿ ਨਿਊ ਸੁਭਾਸ਼ ਨਗਰ ਦੇ 8 ਬੱਚੇ ਕੋਰੋਨਾ ਦੀ ਲਪੇਟ ਵਿੱਚ ਆ ਚੁੱਕੇ ਹਨ।
ਸਿਹਤ ਵਿਭਾਗ ਦੀਆਂ ਟੀਮਾਂ ਨੇ ਦੋਵਾਂ ਸਕੂਲਾਂ ਵਿੱਚ ਜਾ ਕੇ ਬੱਚਿਆਂ ਦੇ ਰੈਪਿਡ ਟੈਸਟ ਕੀਤੇ ਸਨ। 41 ਟੈਸਟਾਂ ਦੀ ਜਾਂਚ ਦੌਰਾਨ 20 ਬੱਚੇ ਕੋਰੋਨਾ ਪ੍ਰਭਾਵਿਤ ਪਾਏ ਗਏ। ਸਿਹਤ ਵਿਭਾਗ ਵੱਲੋਂ ਬੱਚਿਆਂ ਦੇ ਆਰਟੀਪੀਸੀ ਸੈਂਪਲ ਜਾਂਚ ਲਈ ਪਟਿਆਲਾ ਲੈਬ ਵਿੱਚ ਭੇਜੇ ਜਾ ਚੁੱਕੇ ਹਨ।
ਸੋਚਣ ਵਾਲੀ ਗੱਲ ਇਹ ਹੈ ਕਿ ਹਜੇ ਵੀ ਸਕੂਲ ਖੋਲ੍ਹਣੇ ਦਾ ਰਿਸਕ ਸਰਕਾਰ ਕਿਉਂ ਉਠਾ ਰਹੀ ਹੈ। ਬੱਚਿਆਂ ਦੀ ਸਲਾਮਤੀ ਨੂੰ ਧਿਆਨ ਚ ਰੱਖਦਿਆਂ ਸਕੂਲਾਂ ਨੂੰ ਬੰਦ ਕਰਨਾ ਹੀ ਸਹੀ ਫੈਸਲਾ ਹੋਵੇਗਾ।