ਕੇਂਦਰ ਸਰਕਾਰ ਨੂੰ ਮੰਨਣੀ ਪਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੱਲ, ਪੰਜਾਬ ਨੂੰ ਹੋਵੇਗਾ ਇਹ ਫ਼ਾਇਦਾ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਮੰਤਰੀ ਨਾਲ ਮੀਟਿੰਗ ਦੌਰਾਨ ਕੋਵਿਡ ਵੈਕਸੀਨ ਦੀਆਂ 55 ਲੱਖ ਖੁਰਾਕਾਂ ਦੀ ਸਪਲਾਈ ਆਪਣੇ ਸੂਬੇ ਲਈ ਪਹਿਲ ਦੇ ਆਧਾਰ ‘ਤੇ ਮੰਗੀ ਸੀ। ਇਸੇ ਦੇ ਤਹਿਤ ਸੂਬੇ ‘ਚ ਤੁਰੰਤ ਪ੍ਰਭਾਵ ਨਾਲ 25 ਪ੍ਰਤੀਸ਼ਤ ਕੋਰੋਨਾ ਵੈਕਸੀਨ ਸਪਲਾਈ ਵਧਾਉਣ ਦੇ ਹੁਕਮ ਦਿੱਤੇ ਹਨ। ਦਰਅਸਲ ਮੁੱਖ ਮੰਤਰੀ ਨੇ ਆਗਾਮੀ ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦਿਆਂ ਟੀਕਿਆਂ ਦੀ ਵੱਧ ਸਪਲਾਈ ਤੇ 26 ਲੱਖ ਲੋਕਾਂ ਦੀ ਦੂਜੀ ਡੋਜ਼ ਪੈਂਡਿੰਗ ਹੋਣ ਕਾਰਨ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੂੰ ਬੁੱਧਵਾਰ ਪੰਜਾਬੀ ਦੀ ਅਲਾਟਮੈਂਟ ‘ਚ 25 ਫੀਸਦ ਵਾਧਾ ਕੀਤੇ ਜਾਣ ਦੀ ਅਪੀਲ ਕੀਤੀ ਸੀ।
ਸਿਹਤ ਮੰਤਰੀ ਮੰਡਾਵੀਆ ਨੇ ਇਸ ਮਾਮਲੇ ‘ਚ ਮੁੱਖ ਮੰਤਰੀ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਤੇ ਕਿਹਾ ਕਿ ਜਦੋਂ ਅਗਲੇ ਮਹੀਨੇ ਦੀ ਸਪਲਾਈ ਸ਼ੁਰੂ ਹੋਵੇਗੀ ਤਾਂ ਉਹ 31 ਅਕਤੂਬਰ ਤਕ ਸੂਬੇ ਦੀ ਲੋੜ ਪੂਰੀ ਕਰ ਦੇਣਗੇ। ਅਜਿਹੇ ‘ਚ ਕੇਂਦਰੀ ਸਿਹਤ ਮੰਤਰੀ ਨੇ ਵਿਭਾਗ ਨੂੰ ਪੰਜਾਬ ਦੀ ਲੋੜ ਨੂੰ ਪੂਰਾ ਕਰਨ ਲਈ ਤੁਰੰਤ ਪ੍ਰਭਾਵ ਨਾਲ ਕਦਮ ਚੁੱਕਣ ਲਈ ਹੁਕਮ ਜਾਰੀ ਕਰ ਦਿੱਤੇ ਹਨ। ਕੈਪਟਨ ਨੇ ਕਿਹਾ ਕਿ ਜਿੰਨ੍ਹੀ ਸਪਲਾਈ ਚਾਹੀਦੀ ਹੈ ਜੇਕਰ ਓਨੀ ਮਿਲੇ ਤਾਂ ਸੂਬਾ ਸਰਕਾਰ ਰੋਜ਼ਾਨਾ 5-7 ਲੱਖ ਲੋਕਾਂ ਦੇ ਟੀਕੇ ਲਾਉਣ ਦਾ ਪ੍ਰਬੰਧ ਕਰ ਸਕਦੀ ਹੈ। ਉਨ੍ਹਾਂ ਦੱਸਿਆ ਕਿ ਅਗਸਤ ਮਹੀਨੇ ਕਰੀਬ 26 ਲੱਖ ਖੁਰਾਕ ਲੋੜੀਂਦੀ ਹੈ ਜਦਕਿ ਸਾਡੇ ਕੋਲ ਸਿਰਫ਼ 20,47,060 ਖੁਰਾਕਾਂ ਦੀ ਅਲਾਟਮੈਂਟ ਹੈ।
ਅੰਕੜਿਆਂ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਦੂਜੇ ਸੂਬਿਆਂ ਦੇ ਮੁਕਾਬਲੇ ਪੰਜਾਬ ‘ਚ ਟੀਕਿਆਂ ਦੀ ਅਲਾਟਮੈਂਟ ਬਹੁਤ ਘੱਟ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾ ਲੋਕਾਂ ਨੂੰ ਕਵਰ ਕਰਨ ਲਈ ਸੂਬੇ ਨੂੰ ਹੋਰ ਵੈਕਸੀਨ ਦੀ ਲੋੜ ਹੈ ਜਿਸ ਲਈ ਉਨ੍ਹਾਂ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਹੈ। ਇਸ ਨਾਲ ਸੂਬੇ ਚ ਵੈਕਸੀਨੇਸ਼ਨ ਦੇ ਕੰਮ ਚ ਤੇਜੀ ਆਵੇਗੀ।