ਸਿਆਸੀ ਪਾਰਟੀਆਂ ਅਤੇ ਕਿਸਾਨਾਂ ਦੀ ਮੀਟਿੰਗ ‘ਚ ਨਵਜੋਤ ਸਿੱਧੂ ਦੇ ਭਤੀਜੇ ਦੇ ਸ਼ਾਮਲ ਹੋਣ ਕਰਕੇ ਖੜਾ ਹੋਇਆ ਨਵਾਂ ਵਿਵਾਦ
ਕਾਂਗਰਸੀ ਪ੍ਰਧਾਨ ਨਵਜੋਤ ਸਿੱਧੂ ਇੱਕ ਨਵੇਂ ਵਿਵਾਦ ਚ ਘਿਰਦੇ ਨਜ਼ਰ ਆ ਰਹੇ ਹਨ। ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿਚ ਸੂਬਾ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਰਿਸ਼ਤੇਦਾਰ ਸਮਿਤ ਸਿੰਘ ਦੇ ਸ਼ਾਮਿਲ ਹੋਣ ’ਤੇ ਵਿਵਾਦ ਸ਼ੁਰੂ ਹੋ ਗਿਆ ਹੈ। ਮੀਟਿੰਗ ਵਿਚ ਸਿੱਧੂ ਦੇ ਇਲਾਵਾ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਤੇ ਜਨਰਲ ਸਕੱਤਰ ਪਰਗਟ ਸਿੰਘ ਦੇ ਨਾਲ ਬੈਠੇ ਸਮਿਤ ਸਿੰਘ ਦੀ ਤਸਵੀਰ ਇੰਟਰਨੈੱਟ ਮੀਡੀਆ ’ਤੇ ਵਾਇਰਲ ਹੋ ਗਈ। ਲੋਕਾਂ ਨੇ ਪੁੱਛਿਆ ਕਿ ਸਮਿਤ ਸਿੰਘ ਆਖਰ ਕਿਸ ਅਧਿਕਾਰ ਨਾਲ ਪਾਰਟੀ ਦੀ ਮੀਟਿੰਗ ਵਿਚ ਸ਼ਾਮਿਲ ਹੋਏ।
ਉਹ ਨਾ ਤਾਂ ਕਾਂਗਰਸ ਪਾਰਟੀ ਦੇ ਨੁਮਾਇੰਦੇ ਹਨ ਤੇ ਨਾ ਹੀ ਪਾਰਟੀ ਨੇ ਉਨ੍ਹਾਂ ਨੂੰ ਕੋਈ ਅਹੁਦਾ ਦਿੱਤਾ ਹੈ। ਤਾਂ ਕੀ ਉਹ ਸਿਰਫ ਨਵਜੋਤ ਸਿੰਘ ਸਿੱਧੂ ਦੇ ਰਿਸ਼ਤੇਦਾਰ ਹੋਣ ਦੇ ਨਾਤੇ ਮੀਟਿੰਗ ਵਿਚ ਸ਼ਾਮਿਲ ਹੋਣ ਚਲੇ ਗਏ? ਜ਼ਿਕਰਯੋਗ ਹੈ ਕਿ ਸਮਿਤ ਸਿੰਘ ਇਨ੍ਹੀਂ ਦਿਨੀਂ ਸਿੱਧੂ ਨਾਲ ਇੰਟਰਨੈੱਟ ਮੀਡੀਆ ਦਾ ਕੰਮ ਦੇਖ ਰਹੇ ਹਨ। ਉਹ ਸਾਬਕਾ ਵਿਧਾਇਕ ਧਨਵੰਤ ਸਿੰਘ ਦੇ ਪੁੱਤਰ ਹਨ ਜੋ ਸਿੱਧੂ ਦੇ ਨਜ਼ਦੀਕੀ ਰਿਸ਼ਤੇਦਾਰ ਹਨ।
ਇਸ ਗੱਲ ਦੀ ਚਰਚਾ ਵੀ ਰਹੀ ਕਿ ਜਦੋਂ ਸਿੱਧੂ ਪਾਰਟੀ ਦੇ ਪ੍ਰਧਾਨ ਬਣੇ ਸੀ ਤਾਂ ਪਾਰਟੀ ਦਫਤਰ ਦਾ ਖਰਚ ਚਲਾਉਣ ਲਈ ਸਮਿਤ ਸਿੰਘ ਨੂੰ ਸਾਈਨਿੰਗ ਅਥਾਰਿਟੀ ਵੀ ਬਣਾਇਆ ਗਿਆ ਪਰ ਬਾਅਦ ਵਿਚ ਪਾਰਟੀ ਦੇ ਸੀਨੀਅਰ ਆਗੂਆਂ ਦੇ ਇਤਰਾਜ਼ ਦੇ ਬਾਅਦ ਨਾਂ ਵਾਪਸ ਲੈ ਲਿਆ ਗਿਆ।