ਨਵੇਂ ਸੰਸਦ ਭਵਨ ਦੇ ਉਦਘਾਟਨੀ ਸਮਾਰੋਹ ਮੌਕੇ 75 ਰੁਪਏ ਦਾ ਸਿੱਕਾ ਕੀਤਾ ਜਾਵੇਗਾ ਜਾਰੀ

ਸਿੱਕੇ ਦੇ ਇਕ ਪਾਸੇ ਅਸ਼ੋਕ ਸਤੰਬ ਅਤੇ ਦੂਜੇ ਪਾਸੇ ਬਣੀ ਹੈ ਸੰਸਦ ਭਵਨ ਦੀ ਤਸਵੀਰ

ਨਵੀਂ ਦਿੱਲੀ/ਬਿਊਰੋ ਨਿਊਜ਼ : 28 ਮਈ 2023 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਵੇਂ ਸੰਸਦ ਭਵਨ ਦਾ ਉਦਘਾਟਨ ਕੀਤਾ ਜਾਵੇਗਾ। ਇਸ ਮੌਕੇ 75 ਰੁਪਏ ਦਾ ਇਕ ਸਿੱਕਾ ਜਾਰੀ ਕੀਤਾ ਜਾਵੇਗਾ। ਸਿੱਕੇ ਦੇ ਇਕ ਪਾਸੇ ਅਸ਼ੋਕ ਸਤੰਬ ਅਤੇ ਦੂਜੇ ਪਾਸੇ ਨਵੇਂ ਸੰਸਦ ਭਵਨ ਦੀ ਤਸਵੀਰ ਬਣੀ ਹੋਈ ਹੈ ਅਤੇ ਇਸ ਸਿੱਕੇ ਨੂੰ ਕੋਲਕਾਤਾ ਦੀ ਟਕਸਾਲ ’ਚ ਢਾਲਿਆ ਗਿਆ ਹੈ। ਇਸ ਮੌਕੇ ਇਕ ਡਾਕ ਟਿਕਟ ਵੀ ਜਾਰੀ ਕੀਤੀ ਜਾਵੇਗੀ। ਹਾਲਾਂਕਿ ਸਰਕਾਰ ਵੱਲੋਂ 75 ਰੁਪਏ ਦੇ ਸਿੱਕੇ ਦੀ ਕੋਈ ਤਸਵੀਰ ਹਾਲੇ ਤੱਕ ਜਾਰੀ ਨਹੀਂ ਕੀਤੀ। ਵਿੱਤ ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਸਿੱਕਾ ਗੋਲ ਹੋਵੇਗਾ ਅਤੇ ਇਸ ਦਾ ਡਾਇਆਮੀਟਰ 44 ਮਿਲੀਮੀਟਰ ਹੈ।

ਇਸ ਸਿੱਕੇ ਨੂੰ 50 ਫੀਸਦੀ ਚਾਂਦੀ, 40 ਫੀਸਦੀ ਕਾਪਰ, 5 ਫੀਸਦੀ ਨਿਕਲ ਅਤੇ 5 ਫੀਸਦੀ ਜਿੰਕ ਦੇ ਮਿਕਸਰ ਤੋਂ ਤਿਆਰ ਕੀਤਾ ਗਿਆ ਹੈ। ਉਦਘਾਟਨੀ ਸਮਾਰੋਹ ਕਿਸ ਤਰ੍ਹਾਂ ਦਾ ਹੋਵੇਗਾ ਇਸ ਸਬੰਧੀ ਵੀ ਫਿਲਹਾਲ ਕੋਈ ਜ਼ਿਆਦਾ ਜਾਣਕਾਰੀ ਹਾਲੇ ਸਾਹਮਣੇ ਨਹੀਂ ਆਈ। ਪ੍ਰੰਤੂ ਮੀਡੀਆ ਤੋਂ ਪ੍ਰਾਪਤ ਹੋਈਆਂ ਰਿਪੋਰਟਾਂ ਅਨੁਸਾਰ ਉਦਘਾਟਨੀ ਸਮਾਰੋਹ ਦੋ ਪੜਾਵਾਂ ਵਿਚ ਹੋਵੇਗਾ। ਪਹਿਲਾ ਪੜਾਅ ਤਹਿਤ ਪ੍ਰੋਗਰਾਮ ਮਹਾਤਮਾ ਗਾਂਧੀ ਦੀ ਮੂਰਤੀ ਕੋਲ ਇਕ ਪੰਡਾਲ ਵਿਚ ਹੋਵੇਗਾ, ਜਿੱਥੇ ਸਵੇਰੇ 9:30 ਵਜੇ ਤੱਕ ਪੂਜਾ ਕੀਤੀ ਜਾਵੇਗੀ। ਪ੍ਰੋਗਰਾਮ ਦਾ ਦੂਜਾ ਪੜਾਅ ਦੁਪਹਿਰ ’ਚ ਲੋਕ ਸਭਾ ’ਚ ਰਾਸ਼ਟਰੀ ਗੀਤ ਦੇ ਨਾਲ ਸ਼ੁਰੂ ਹੋਵੇਗਾ।

MUST READ