ਭਗਵੰਤ ਮਾਨ ਸਮੇਤ ਆਪ ਦੇ 10 ਆਗੂਆਂ ਖਿਲਾਫ਼ ਚੰਡੀਗੜ ਜ਼ਿਲ੍ਹਾ ਅਦਾਲਤ ‘ਚ ਚਲੇਗਾ ਕੇਸ

ਆਪ ਪੰਜਾਬ ਪ੍ਰਧਾਨ ਭਗਵੰਤ ਮਾਨ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਪੁਲਿਸ ਨਾਲ ਝੜਪ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ 10 ਨੇਤਾਵਾਂ ਦੇ ਖਿਲਾਫ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਸੁਣਵਾਈ ਹੋਵੇਗੀ। ਇਨ੍ਹਾਂ ਆਗੂਆਂ ਵਿੱਚ ਸੰਸਦ ਮੈਂਬਰ ਭਗਵੰਤ ਮਾਨ, ਵਿਧਾਇਕ ਹਰਪਾਲ ਸਿੰਘ ਚੀਮਾ, ਮਾਸਟਰ ਬਲਦੇਵ ਸਿੰਘ, ਬਲਜਿੰਦਰ ਕੌਰ, ਮੀਤ ਹੇਅਰ, ਅਮਨ ਅਰੋੜਾ, ਸਰਬਜੀਤ ਕੌਰ ਮਾਣੂੰਕੇ, ਮਨਜੀਤ ਸਿੰਘ ਅਤੇ ਦੋ ਹੋਰ ਆਗੂ ਨਰਿੰਦਰ ਸਿੰਘ ਸ਼ੇਰਗਿੱਲ ਅਤੇ ਜੈਸਿੰਘ ਰੋਧੀ ਸ਼ਾਮਲ ਹਨ।

ਪੁਲਿਸ ਨੇ ਸਾਰੇ ਨੇਤਾਵਾਂ ਨੂੰ ਜਵਾਬ ਦੇਣ ਲਈ ਨੋਟਿਸ ਜਾਰੀ ਕੀਤੇ ਹਨ। ਫਿਲਹਾਲ ਮਾਮਲੇ ਦੀ ਅਗਲੀ ਸੁਣਵਾਈ 1 ਦਸੰਬਰ ਨੂੰ ਹੋਵੇਗੀ। ਦੱਸਣਯੋਗ ਹੈ ਕਿ ਜਨਵਰੀ 2020 ਵਿੱਚ ਇਹ ਆਗੂ ਮਹਿੰਗੀ ਬਿਜਲੀ ਦੇ ਮੁੱਦੇ ‘ਤੇ ਮੁੱਖ ਮੰਤਰੀ ਨਿਵਾਸ ਦਾ ਘਿਰਾਓ ਕਰਨ ਆਏ ਸਨ। ਇਸ ਦੌਰਾਨ ਉਨ੍ਹਾਂ ਦੀ ਪੁਲਿਸ ਨਾਲ ਝੜਪ ਹੋ ਗਈ ਸੀ, ਜਿਸ ਵਿੱਚ ਇੰਸਪੈਕਟਰ ਮਲਕੀਤ ਸਿੰਘ, ਕਾਂਸਟੇਬਲ ਵਿਨੀਤ ਕੁਮਾਰ ਅਤੇ ਮਹਿਲਾ ਕਾਂਸਟੇਬਲ ਮਨਪ੍ਰੀਤ ਕੌਰ ਜ਼ਖ਼ਮੀ ਹੋ ਗਏ। ਕਾਂਸਟੇਬਲ ਮਨਪ੍ਰੀਤ ਕੌਰ ਦੀ ਸ਼ਿਕਾਇਤ ‘ਤੇ ਸੈਕਟਰ-3 ਥਾਣੇ ਨੇ ਇਨ੍ਹਾਂ ਨੇਤਾਵਾਂ ਵਿਰੁੱਧ ਮਾਮਲਾ ਦਰਜ ਕੀਤਾ ਸੀ।

MUST READ