ਪੰਜਾਬ ਕਾਂਗਰਸ ‘ਚ ਫ਼ਿਰ ਤੇਜ ਹੋਈਆਂ ਬਗ਼ਾਵਤੀ ਸੁਰਾਂ, ਕੈਪਟਨ ਨੂੰ ਹਟਾਉਣ ਲਈ 40 ਵਿਧਾਇਕਾਂ ਨੇ ਲਿਖਿਆ ਪੱਤਰ

ਪੰਜਾਬ ਕਾਂਗਰਸ ਚ ਇੱਕ ਵਾਰ ਫਿਰ ਕਲੇਸ਼ ਸ਼ੁਰੂ ਹੋ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖ਼ਿਲਾਫ਼ ਪੰਜਾਬ ਕਾਂਗਰਸ ਵਿਚ ਇੱਕ ਵਾਰ ਮੁੜ ਤੋਂ ਬਗਾਵਤੀ ਸੁਰਾਂ ਤੇਜ਼ ਹੋ ਗਈਆਂ ਹਨ। ਪੰਜਾਬ ਵਿਚ ਕਾਂਗਰਸ ਦੇ 80 ਵਿਚੋਂ 40 ਵਿਧਾਇਕਾਂ ਨੇ ਹਾਈਕਮਾਨ ਨੂੰ ਪੱਤਰ ਲਿਖਿਆ ਹੈ। ਵਿਧਾਇਕਾਂ ਨੇ ਪਾਰਟੀ ਮੁਖੀ ਸੋਨੀਆ ਗਾਂਧੀ ਨੂੰ ਲਿਖੇ ਪੱਤਰ ਵਿਚ ਜਲਦ ਤੋਂ ਜਲਦ ਵਿਧਾਇਕ ਦਲ ਦੀ ਬੈਠਕ ਬੁਲਾਉਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਕਿ ਇਸ ਬੈਠਕ ਵਿਚ ਦੋ ਕੇਂਦਰੀ ਨਿਗਰਾਨ ਨੂੰ ਵੀ ਭੇਜਿਆ ਜਾਵੇ।

ਉਨ੍ਹਾਂ ਦੇ ਸਾਹਮਣੇ ਹੀ ਵਿਧਾਇਕ ਅਪਣੀ ਗੱਲ ਰੱਖਣਗੇ। ਵਿਧਾਇਕ ਦਲ ਦੀ ਬੈਠਕ ਬੁਲਾਉਣ ਦੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਬੇਭਰੋਸਗੀ ਜਤਾਉਣ ਵਾਲੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਪਣੇ ਸਾਥੀ ਤਿੰਨ ਮੰਤਰੀਆਂ ਅਤੇ ਕੁਝ ਵਿਧਾਇਕਾਂ ਨੂੰ ਨਾਲ ਲੈ ਕੇ ਸਵੇਰ ਤੋਂ ਹੀ ਕਾਂਗਰਸ ਦੇ ਹੋਰ ਵਿਧਾਇਕਾਂ ਕੋਲੋਂ ਸੋਨੀਆ ਗਾਂਧੀ ਨੂੰ ਲਿਖੇ ਗਏ ਪੱਤਰ ‘ਤੇ ਹਸਤਾਖਰ ਕਰਾਉਂਦੇ ਰਹੇ। ਕਾਂਗਰਸੀ ਸੂਤਰਾਂ ਅਨੁਸਾਰ ਬੁਧਵਾਰ ਸ਼ਾਮ ਨੂੰ ਕਾਂਗਰਸ ਦੇ ਪਰਗਟ ਸਿੰਘ ਅਤੇ ਉਸ ਤੋਂ ਬਾਅਦ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਰਿਹਾਇਸ਼ ‘ਤੇ ਨੇਤਾਵਾਂ ਵਿਚ ਲੰਬੀ ਗੱਲਬਾਤ ਦਾ ਦੌਰ ਚਲਿਆ। ਸੂਤਰਾਂ ਦਾ ਕਹਿਣਾ ਹੈ ਕਿ ਇਸ ਬੈਠਕ ਵਿਚ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਨੂੰ ਲੈ ਕੇ ਗੱਲਬਾਤ ਹੋਈ। ਬੈਠਕ ਵਿਚ ਸ਼ਾਮਲ ਵਿਧਾਇਕਾਂ ਨੇ ਮੁੱਖ ਮੰਤਰੀ ‘ਤੇ ਬੇਭਰੋਸਗੀ ਜਤਾਈ।

ਗੌਰਤਲਬ ਹੈ ਕਿ ਇਸ ਤੋਂ ਪਹਿਲਾਂ 25 ਅਗਸਤ ਨੂੰ ਵੀ ਇਸ ਤਰ੍ਹਾਂ ਦੀ ਇੱਕ ਬੈਠਕ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਰਿਹਾਇਸ਼ ‘ਤੇ ਹੋਈ ਸੀ। ਇਸ ਵਿਚ ਚਾਰ ਮੰਤਰੀਆਂ ਸਣੇ 20 ਵਿਧਾਇਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖ਼ਿਲਾਫ਼ ਬੇਭਰੋਸਗੀ ਜਤਾਈ ਸੀ। ਇੱਥੇ ਤੱਕ ਕਿ ਚਾਰੇ ਮੰਤਰੀ ਅਤੇ ਕੁਝ ਵਿਧਾਇਕ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨਾਲ ਗੱਲਬਾਤ ਕਰਨ ਦੇ ਲਈ ਦੇਹਰਾਦੂਨ ਅਤੇ ਉਸ ਤੋਂ ਬਾਅਦ ਸੋਨੀਆ ਗਾਂਧੀ ਨੂੰ ਮਿਲਣ ਦੇ ਲਈ ਦਿੱਲੀ ਵੀ ਗਏ ਸੀ ਲੇਕਿਨ ਸੋਨੀਆ ਗਾਂਧੀ ਨੇ ਕਿਸੇ ਨੂੰ ਵੀ ਸਮਾਂ ਨਹੀਂ ਦਿੱਤਾ ਅਤੇ ਹਰੀਸ਼ ਰਾਵਤ ਨੂੰ ਮਾਮਲੇ ਨੂੰ ਸੁਲਝਾਵੁਣ ਦੇ ਲਈ ਚੰਡੀਗੜ੍ਹ ਭੇਜਿਆ ਸੀ। ਇੱਥੇ ਹਰੀਸ਼ ਰਾਵਤ ਨੇ ਵਿਧਾਇਕਾਂ ਨਾਲ ਅਲੱਗ ਅਲੱਗ ਗੱਲ ਕੀਤੀ ਸੀ। ਹਰੀਸ਼ ਰਾਵਤ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਮਿਲੇ ਸੀ।

MUST READ