ਅਫਗਾਨਿਸਤਾਨ ‘ਚ 320 ਸਿੱਖ ਅਤੇ ਹਿੰਦੂ ਪਰਿਵਾਰ ਪੂਰੀ ਤਰ੍ਹਾਂ ਸੁਰੱਖਿਅਤ, ਲਗਾਤਾਰ ਹਨ ਸੰਪਰਕ ‘ਚ: ਮਨਜਿੰਦਰ ਸਿੰਘ ਸਿਰਸਾ

ਅਫ਼ਗਾਨਿਸਤਾਨ ‘ਚ ਤਾਲਿਬਾਨ ਦਾ ਕਬਜ਼ਾ ਹੋ ਚੁਕਾ ਹੈ। ਅਤੇ ਲੋਕ ਡਰ ਦੇ ਕਾਰਨ ਵੱਡੀ ਗਿਣਤੀ ‘ਚ ਦੇਸ਼ ਛੱਡ ਰਹੇ ਹਨ। ਤਾਲਿਬਾਨ ਨੇ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਤੇ ਵੀ ਆਪਣਾ ਕਬਜ਼ਾ ਕਰ ਲਿਆ ਹੈ, ਇੱਥੋਂ ਤੱਕ ਕਿ ਰਾਸ਼ਟਰਪਤੀ ਅਸ਼ਰਫ ਗਨੀ ਵੀ ਦੇਸ਼ ਛੱਡ ਚੁੱਕੇ ਹਨ। ਅਫ਼ਗਾਨਿਸਤਾਨ ‘ਚ ਤਾਲਿਬਾਨ ਦਾ ਕਹਿਰ ਭਾਰਤ ਲਈ ਵੀ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਉੱਥੇ ਘੱਟ ਗਿਣਤੀ ਹਿੰਦੂ-ਸਿੱਖ ਪਰਿਵਾਰ ਰਹਿੰਦੇ ਹਨ। ਅਫ਼ਗਾਨਿਸਤਾਨ ਵਿਚ ਰਹਿੰਦੇ ਘੱਟ ਗਿਣਤੀ ਲੋਕਾਂ ਦੀ ਸੁਰੱਖਿਆ ਬਾਰੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ।


ਸਿਰਸਾ ਮੁਤਾਬਕ ਸਾਡੇ ਜੋ ਸਿੱਖ ਭਰਾ ਗਜ਼ਨੀ ਅਤੇ ਜਲਾਲਾਬਾਦ ਰਹਿੰਦੇ ਸਨ, ਉਨ੍ਹਾਂ ਨੇ ਕਾਬੁਲ ਦੇ ਕਰਤਾ ਪਰਵਾਨ ਗੁਰਦੁਆਰਾ ਸਾਹਿਬ ‘ਚ ਸ਼ਰਨ ਲਈ ਹੋਈ ਹੈ। ਇਨ੍ਹਾਂ ‘ਚੋਂ 320 ਲੋਕ ਹਨ, ਜਿਨ੍ਹਾਂ ‘ਚ 50 ਹਿੰਦੂ ਅਤੇ ਬਾਕੀ ਸਾਰੇ ਸਿੱਖ ਪਰਿਵਾਰ ਹਨ। ਸਿਰਸਾ ਨੇ ਕਿਹਾ ਕਿ ਉਹ ਸਾਰੇ ਸੁਰੱਖਿਅਤ ਹਨ ਅਤੇ ਗੁਰਦੁਆਰਾ ਸਾਹਿਬ ਅੰਦਰ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਕਾਬੁਲ ਅਤੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨਾਲ ਲਗਾਤਾਰ ਸੰਪਰਕ ਵਿਚ ਹਾਂ, ਜਿਨ੍ਹਾਂ ਨੇ ਮੈਨੂੰ ਦੱਸਿਆ ਕਿ ਸਾਰੇ ਲੋਕ ਸੁਰੱਖਿਅਤ ਹਨ।


ਸਿਰਸਾ ਨੇ ਅੱਗੇ ਦੱਸਿਆ ਕਿ ਕੁਝ ਸਮੇਂ ਪਹਿਲਾਂ ਤਾਲਿਬਾਨ ਦੇ ਸਥਾਨਕ ਲੀਡਰਾਂ ਨੇ ਗੁਰਦੁਆਰਾ ਘਰ ਅੰਦਰ ਆ ਕੇ ਸਾਡੇ ਪ੍ਰਧਾਨ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਅਸੀਂ ਤੁਹਾਡੇ ਨਾਲ ਹਾਂ, ਤੁਹਾਡੀ ਸੁਰੱਖਿਆ ਦੀ ਗਰੰਟੀ ਲੈਂਦੇ ਹਾਂ। ਸਾਨੂੰ ਉਮੀਦ ਹੈ ਕਿ ਅਫ਼ਗਾਨਿਸਤਾਨ ‘ਚ ਹੋ ਰਹੇ ਸਿਆਸੀ ਬਦਲਾਅ ਦੇ ਬਾਵਜੂਦ ਹਿੰਦੂ ਅਤੇ ਸਿੱਖ ਸੁਰੱਖਿਅਤ ਹਨ। ਫਿਲਹਾਲ ਸਾਰਿਆਂ ਨੇ ਗੁਰਦੁਆਰਾ ਸਾਹਿਬ ਅੰਦਰ ਸ਼ਰਨ ਲੈ ਰੱਖੀ ਹੈ। ਹੁਣ ਤਾਲਿਬਾਨ ਲੀਡਰਾਂ ਨੇ ਗੱਲਬਾਤ ਸ਼ੁਰੂ ਕਰ ਕੇ ਭਰੋਸਾ ਦਿਵਾਇਆ ਹੈ। ਅਸੀਂ ਲਗਾਤਾਰ ਉਨ੍ਹਾਂ ਨਾਲ ਸੰਪਰਕ ਵਿਚ ਹੈ, ਅਸੀਂ ਉਨ੍ਹਾਂ ਪਰਿਵਾਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ। ਦੱਸ ਦੇਈਏ ਕਿ ਤਾਲਿਬਾਨ ਦੀ ਹਿੰਸਾ ਕਾਰਨ ਲੱਖਾਂ ਦੀ ਗਿਣਤੀ ‘ਚ ਲੋਕ ਬੇਘਰ ਹੋਏ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਕਈ ਦੇਸ਼ਾਂ ਨੇ ਆਪਣੀ ਫ਼ੌਜ ਨੂੰ ਵਾਪਸ ਬੁਲਾ ਲਿਆ ਹੈ।

MUST READ