10ਵੀਂ ਅਤੇ 12ਵੀਂ ਬੋਰਡ ਦੀਆਂ ਪ੍ਰੀਖਿਆਵਾਂ ਸਾਲ ਵਿਚ ਦੋ ਵਾਰ ਹੋਣਗੀਆਂ; ਅਗਲੇ ਸੈਸ਼ਨ ਤੋਂ ਲਾਗੂ ਹੋਵੇਗਾ ਨਵਾਂ ਪੈਟਰਨ

ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਵਿਚ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦੇ ਪੈਟਰਨ ਵਿਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਕੇਂਦਰੀ ਸਿੱਖਿਆ ਮੰਤਰਾਲੇ ਨੇ ਦੱਸਿਆ ਕਿ ਸਾਲ ਵਿਚ ਇਕ ਵਾਰ ਹੋਣ ਵਾਲੀਆਂ ਪ੍ਰੀਖਿਆਵਾਂ ਹੁਣ ਦੋ ਵਾਰ ਹੋਣਗੀਆਂ। ਇਨ੍ਹਾਂ ਦੋਵੇਂ ਪ੍ਰੀਖਿਆਵਾਂ ਵਿਚੋਂ ਜਿਸ ਵਿਚ ਵੀ ਵਿਦਿਆਰਥੀਆਂ ਦੇ ਨੰਬਰ ਜ਼ਿਆਦਾ ਹੋਣਗੇ, ਉਸ ਨੂੰ ਹੀ ਗਿਣਿਆ ਜਾਵੇਗਾ। ਇਹ ਫੈਸਲਾ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਨੂੰ ਲੈ ਕੇ ਹੋਈ ਬੈਠਕ ਵਿਚ ਲਿਆ ਗਿਆ ਹੈ।

ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਮੁਤਾਬਕ, ਨਵੀਂ ਰਾਸ਼ਟਰੀ ਸਿੱਖਿਆ ਨੀਤੀ, 2020 ਦੇ ਤਹਿਤ ਬੋਰਡ ਪ੍ਰੀਖਿਆਵਾਂ ਦਾ ਨਵਾਂ ਢਾਂਚਾ ਤਿਆਰ ਹੋ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਜਲਦ ਹੀ ਸੂਬਿਆਂ ਦੇ ਬੋਰਡ ਇਸ ਬਾਰੇ ਨਿਰਦੇਸ਼ ਜਾਰੀ ਕਰ ਸਕਦੇ ਹਨ। ਸਿੱਖਿਆ ਮੰਤਰਾਲੇ ਨੇ ਦੱਸਿਆ ਕਿ ਅਕੈਡਮਿਕ ਸੈਸ਼ਨ-2024 ਦੇ ਲਈ ਕਿਤਾਬਾਂ ਵਿਚ ਵੀ ਬਦਲਾਅ ਕੀਤਾ ਜਾ ਰਿਹਾ ਹੈ। ਕਿਤਾਬਾਂ ਵਿਚ ਹੁਣ ਭਾਰੀ-ਭਰਕਮ ਸਿਲੇਬਸ ਵੀ ਨਹੀਂ ਰੱਖਿਆ ਜਾਵੇਗਾ ਅਤੇ ਕਿਤਾਬਾਂ ਦੀਆਂ ਕੀਮਤਾਂ ਵੀ ਘੱਟ ਕੀਤੀਆਂ ਜਾਣਗੀਆਂ।

ਦੱਸਿਆ ਗਿਆ ਕਿ ਨਵਾਂ ਸਿਲੇਬਸ ਨਿਊ ਐਜੂਕੇਸ਼ਨ ਪਾਲਿਸੀ-2020 ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਜਾਵੇਗਾ। ਉਧਰ ਦੂਜੇ ਪਾਸੇ ਤਾਮਿਲਨਾਡੂ ਅਤੇ ਕੇਰਲਾ ਦੀਆਂ ਸਰਕਾਰਾਂ ਨੇ ਪਹਿਲਾਂ ਹੀ ਨਵੀਂ ਰਾਸ਼ਟਰੀ ਨੀਤੀ ਨੂੰ ਲਾਗੂ ਕਰਨ ਤੋਂ ਇਨਕਾਰ ਕਰ ਦਿੱਤਾ ਹੈ।  

MUST READ