ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਦਮ ਵਿਭੂਸ਼ਣ ਕੀਤਾ ਵਾਪਸ, ਜਾਣੋ ਕਿਉਂ ?
ਜਿੱਥੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਅੱਜ ਦਿੱਲੀ-ਹਰਿਆਣਾ ਸਰਹੱਦ ‘ਤੇ ਕਿਸਾਨ ਅੰਦੋਲਨ ਦਾ ਅੱਠਵਾਂ ਦਿਨ ਹੈ। ਉੱਥੇ ਹੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਨੇਤਾ ਪ੍ਰਕਾਸ਼ ਸਿੰਘ ਬਾਦਲ (92) ਨੇ ਕਿਸਾਨਾਂ ਦੇ ਹੱਕ ਵਿੱਚ ਪਦਮ ਵਿਭੂਸ਼ਨ ਵਾਪਸ ਕਰ ਦਿੱਤਾ ਹੈ। ਬਾਦਲ ਨੂੰ ਇਹ ਸਨਮਾਨ 2015 ਵਿੱਚ ਮਿਲਿਆ ਸੀ। ਦਸ ਦਈਏ ਅਕਾਲੀ ਦਲ 22 ਸਾਲਾਂ ਤੋਂ ਐਨਡੀਏ ਨਾਲ ਰਿਹਾ ਸੀ ਪਰ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ 2 ਮਹੀਨੇ ਪਹਿਲਾਂ ਐਨਡੀਏ ਤੋਂ ਵੱਖ ਹੋ ਗਿਆ ਸੀ।

ਪਦਮ ਵਿਭੂਸ਼ਣ ਸਨਮਾਨ ਵਾਪਿਸ ਕਰਨ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ, ‘ਮੈਂ ਇਨ੍ਹਾਂ ਗਰੀਬ ਹਾਂ ਕਿ ਕਿਸਾਨਾਂ ਵਾਸਤੇ ਕੁਰਬਾਨ ਕਰਨ ਲਈ ਮੇਰੇ ਕੋਲ ਹੋਰ ਕੁਝ ਨਹੀਂ ਹੈ, ਜੇ ਕਿਸਾਨਾਂ ਦਾ ਅਪਮਾਨ ਹੋ ਰਿਹਾ ਹੈ, ਤਾਂ ਕਿਸੇ ਵੀ ਤਰਾਂ ਦਾ ਸਨਮਾਨ ਰੱਖਣ ਦਾ ਕੋਈ ਫਾਇਦਾ ਨਹੀਂ ਹੈ।

ਇਸ ਦੌਰਾਨ 40 ਕਿਸਾਨ ਆਗੂ ਵਿਗਿਆਨ ਭਵਨ ਵਿਖੇ ਸਰਕਾਰ ਨਾਲ ਗੱਲਬਾਤ ਕਰ ਰਹੇ ਹਨ। ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਸਰਕਾਰ ਦੀ ਪ੍ਰਧਾਨਗੀ ਕਰ ਰਹੇ ਹਨ। ਮੀਟਿੰਗ ਤੋਂ ਪਹਿਲਾਂ ਤੋਮਰ ਨੇ ਕਿਹਾ ਕਿ, ਕਿਸਾਨਾਂ ਨਾਲ ਵਿਚਾਰ ਵਟਾਂਦਰੇ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਉਣਗੇ। ਦੂਜੇ ਪਾਸੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ, ਉਨ੍ਹਾਂ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਹੈ ਕਿ, ਉਹ ਛੇਤੀ ਹੀ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਣਗੇ। ਉੱਥੇ ਹੀ ਇਸ ਮੁੱਦੇ ਨਾਲ ਪੰਜਾਬ ਦੀ ਆਰਥਿਕਤਾ ਅਤੇ ਦੇਸ਼ ਦੀ ਸੁਰੱਖਿਆ ਪ੍ਰਭਾਵਿਤ ਹੋ ਰਹੀ ਹੈ। ਕਿਸਾਨਾਂ ਨੇ ਵੀ ਇਸ ਮਾਮਲੇ ਨੂੰ ਛੇਤੀ ਹੱਲ ਕਰਨ ਦੀ ਅਪੀਲ ਕੀਤੀ ਹੈ।

ਇਸ ਦੌਰਾਨ ਰੇਲ ਮੰਤਰੀ ਪੀਯੂਸ਼ ਗੋਇਲ, ਵਣਜ ਅਤੇ ਉਦਯੋਗ ਰਾਜ ਮੰਤਰੀ ਸੋਮ ਪ੍ਰਕਾਸ਼ ਵੀ ਕਿਸਾਨਾਂ ਨਾਲ ਮੀਟਿੰਗ ਵਿੱਚ ਮੌਜੂਦ ਹਨ। ਮੁਲਾਕਾਤ ਤੋਂ ਪਹਿਲਾਂ ਸੋਮ ਪ੍ਰਕਾਸ਼ ਨੇ ਕਿਹਾ ਸੀ ਕਿ, ਇਸ ਤਰ੍ਹਾਂ ਦੇ ਹੱਲ ਬਾਹਰ ਆਉਣ ਦੀ ਉਮੀਦ ਹੈ, ਜੋ ਕਿ ਕਿਸਾਨਾਂ ਅਤੇ ਸਰਕਾਰ ਨੂੰ ਵੀ ਮਨਜ਼ੂਰ ਹੋਵੇ। ਦਸ ਦਈਏ ਸਰਕਾਰ ਕਹਿ ਚੁੱਕੀ ਹੈ ਕਿ, ਐਮਐਸਪੀ ਦੀ ਪ੍ਰਣਾਲੀ ਜਾਰੀ ਰਹੇਗੀ ਅਤੇ ਇਸ ਨੂੰ ਲਿਖਤੀ ਰੂਪ ਵਿੱਚ ਦੇਣ ਲਈ ਵੀ ਸਹਿਮਤ ਹੈ।