ਰਾਜਸਥਾਨ ‘ਚ ਭੜਕਿਆ ਕਿਸਾਨ ਅੰਦੋਲਨ !
ਪੰਜਾਬੀ ਡੈਸਕ :- ਕਿਸਾਨ ਲਗਭਗ ਇੱਕ ਮਹੀਨੇ ਤੋਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਥਾਂ-ਥਾਂ ਤੋਂ ਅੰਦੋਲਨ ਕਰ ਰਹੇ ਹਨ। ਇਸ ਕੜੀ ‘ਚ ਰਾਜਸਥਾਨ ‘ਚ ਵੀ ਕਿਸਾਨ ਅੰਦੋਲਨ ਭੱਖਿਆ ਹੋਇਆ ਦਿਖਾਈ ਦਿੱਤਾ। ਦਸ ਦਈਏ ਸਾਲ ਦੇ ਅੰਤਿਮ ਦਿਨੀ ਅਲਵਰ ‘ਚ ਭੜਕੇ ਕਿਸਾਨਾਂ ਨੇ ਪੁਲਿਸ ਬੈਰੀਕੇਡ ਤੋੜ ਦਿੱਤੇ। ਨਾਲ ਹੀ ਸੈਂਕੜੇ ਟਰੈਕਟਰ-ਟਰਾਲੀਆਂ ਨੂੰ ਜ਼ਬਰਦਸਤੀ ਹਰਿਆਣਾ ਦੀ ਸਰਹੱਦ ‘ਤੇ ਲਿਜਾਇਆ ਗਿਆ। ਫਿਰ ਪੁਲਿਸ ਨੇ ਕਿਸਾਨਾਂ ‘ਤੇ ਲਾਠੀਚਾਰਜ ਕੀਤਾ ਅਤੇ ਕਈ ਕਿਸਾਨ ਜ਼ਖਮੀ ਹੋ ਗਏ। ਇਸ ਦੇ ਨਾਲ ਹੀ 30-40 ਕਿਸਾਨਾਂ ਨੂੰ ਪੁਲਿਸ ਹਿਰਾਸਤ ‘ਚ ਲੈ ਲਿਆ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਿਕ, ਅਲਵਰ ਜ਼ਿਲ੍ਹੇ ਦੇ ਸ਼ਾਹਜਹਾਨਪੁਰ ਵਿੱਚ ਰਾਜਸਥਾਨ-ਹਰਿਆਣਾ ਸਰਹੱਦ ’ਤੇ ਵੀ ਕਿਸਾਨ ਅੰਦੋਲਨ ਕਰ ਰਹੇ ਹਨ ਅਤੇ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਹਾਲਾਂਕਿ ਕਿਸਾਨ ਹੁਣ ਤੱਕ ਸ਼ਾਂਤ ਸਨ, ਵੀਰਵਾਰ ਨੂੰ ਇੱਥੇ ਪੁਲਿਸ ਤੇ ਕਿਸਾਨਾਂ ਵਿਚਾਲੇ ਹਿੰਸਕ ਝੜਪ ਵੀ ਸ਼ੁਰੂ ਹੋਈ। ਅਸਲ ਵਿੱਚ ਅੱਜ ਸ਼੍ਰੀਗੰਗਾਨਗਰ ਦੇ ਨੌਜਵਾਨ ਉਸ ਅੰਦੋਲਨ ਵਿੱਚ ਸ਼ਾਮਲ ਹੋਏ, ਜਿਨ੍ਹਾਂ ਨੇ ਹਰਿਆਣਾ ਪੁਲਿਸ ਵਲੋਂ ਬਾਰਡਰ ‘ਤੇ ਬੈਰੀਕੇਡ ਭੰਨੇ। ਨਾਲ ਹੀ ਸੈਂਕੜੇ ਟਰੈਕਟਰ-ਟਰਾਲੀਆਂ ਨੂੰ ਜ਼ਬਰਦਸਤੀ ਹਰਿਆਣਾ ਬਾਰਡਰ ‘ਚ ਪ੍ਰਵੇਸ਼ ਕਰਾਇਆ। ਇਸ ਤੋਂ ਬਾਅਦ ਹਰਿਆਣਾ ਪੁਲਿਸ ਅਤੇ ਕਿਸਾਨ ਅੰਦੋਲਨਕਾਰੀਆਂ ਵਿਚਕਾਰ ਝੜਪ ਸ਼ੁਰੂ ਹੋਈ।

ਦਸ ਦਈਏ ਕਿਸਾਨਾਂ ਨੂੰ ਆਪਣੇ ‘ਤੇ ਭਾਰੀ ਪੈਂਦੀਆਂ ਦੇਖ ਪੁਲਿਸ ਨੇ ਲਾਠੀਚਾਰਜ ਕੀਤਾ, ਜਿਵੇਂ ਹੀ ਕਿਸਾਨਾਂ ਦਾ ਟਰੈਕਟਰ ਬੈਰੀਕੇਡਾਂ ਨੂੰ ਤੋੜ ਕੇ ਹਰਿਆਣਾ ਦੀ ਸਰਹੱਦ ਵਿੱਚ ਦਾਖਲ ਹੋਇਆ, ਹਰਿਆਣਾ ਪੁਲਿਸ ਅਲਰਟ ਹੋ ਗਈ, ਜਦੋਂ ਉਨ੍ਹਾਂ ਨੇ ਟਰੈਕਟਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੋਵਾਂ ਧਿਰਾਂ ਵਿਚਾਲੇ ਝੜਪ ਹੋ ਗਈ। ਇਸ ਤੋਂ ਬਾਅਦ, ਜਦੋਂ ਪੁਲਿਸ ਨੇ ਕਿਸਾਨਾਂ ‘ਤੇ ਲਾਠੀਚਾਰਜ ਕੀਤਾ ਤਾਂ ਮਾਹੌਲ ਹੋਰ ਵੀ ਭੱਖ ਗਿਆ ਅਤੇ ਰਾਜਸਥਾਨ-ਹਰਿਆਣਾ ਸਰਹੱਦ ‘ਤੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਹਰਿਆਣਾ ਪੁਲਿਸ ਨੇ 30-40 ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ, ਜਿਨ੍ਹਾਂ ਕਾਰਨ ਉੱਥੇ ਮਾਮਲਾ ਵਿਗੜਿਆ।