ਪੰਜਾਬ-ਹਰਿਆਣਾ ਹਾਈ ਕੋਰਟ ਦੀ ਸੁਣਵਾਈ ‘ਚ ਕਿਸਾਨਾਂ ਨੂੰ ਚੇਤਾਵਨੀ !
ਪੰਜਾਬੀ ਡੈਸਕ:- ਪੰਜਾਬ-ਹਰਿਆਣਾ ਹਾਈ ਕੋਰਟ ਨੇ ਬੀਤੇ ਦਿਨੀ ਬੁਧਵਾਰ ਨੂੰ ਹੋਈ ਸੁਣਵਾਈ ‘ਚ ਕਿਸਾਨ ਜੱਥੇਬੰਦੀਆਂ ਨੂੰ ਖੁੱਲੀ ਚੇਤਾਵਨੀ ਦਿੰਦਿਆਂ ਕਿਹਾ ਕਿ , ਜੇਕਰ ਮੁੜ ਉਹ ਰੇਲਵੇ ਅਤੇ ਸੜਕਾਂ ਬੰਦ ਕਰਨਗੇ ਤਾਂ ਸੂਬਾ ਸਰਕਾਰ ਨੂੰ ਵੀ ਸਖਤ ਕਾਰਵਾਈ ਦੇ ਹੁਕਮ ਜਾਰੀ ਕੀਤੇ ਜਾ ਸਕਦੇ ਹਨ । ਕੋਰਟ ਦੀ ਸੁਣਵਾਈ ‘ਚ ਕੇਂਦਰ ਸਰਕਾਰ ਨੇ ਦੱਸਿਆ ਕਿ , ਜੰਡਿਆਲਾ ਗੁਰੂ ਨੂੰ ਛੱਡ ਕੇ ਪੰਜਾਬ ਦੇ ਹੋਰ ਸਾਰੇ ਰੇਲ ਮਾਰਗ ਖਾਲੀ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ, ਜੰਡਿਆਲਾ ਗੁਰੂ ਰਾਹੀਂ ਜਾਣ ਵਾਲੀਆਂ ਰੇਲ ਗੱਡੀਆਂ ਦੇ ਰੂਟ ਮੋੜਨ ਲਈ ਰੇਲਵੇ ਮਜਬੂਰ ਹੈ।
ਭਾਰਤ ਦੇ ਵਧੀਕ ਸਾਲਿਸਿਟਰ ਜਨਰਲ ਸੱਤਿਆਪਾਲ ਜੈਨ ਨੇ ਕੇਂਦਰ ਸਰਕਾਰ ਦੀ ਤਰਫ਼ੋਂ ਹਾਈ ਕੋਰਟ ਨੂੰ ਦੱਸਿਆ ਕਿ, 23 ਨਵੰਬਰ ਤੋਂ ਸੂਬੇ ‘ਚ ਰੇਲ ਸੇਵਾ ਬਹਾਲ ਕਰ ਦਿੱਤੀ ਗਈ ਹੈ। ਪਰ ਕਿਸਾਨ ਜਥੇਬੰਦੀ ਦੀ ਹੜਤਾਲ ਜੰਡਿਆਲਾ ਗੁਰੂ ‘ਚ ਹਾਲੇ ਵੀ ਜਾਰੀ ਹੈ, ਜਦਕਿ ਕੇਂਦਰ ਕਿਸਾਨ ਜਥੇਬੰਦੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ‘ਚ ਹੈ। ਦਸ ਦਈਏ ਇਸ ਤੋਂ ਪਹਿਲਾਂ ਵੀ 14 ਅਕਤੂਬਰ ਅਤੇ 13 ਨਵੰਬਰ ਨੂੰ ਮੀਟਿੰਗ ਕੀਤੀ ਜਾ ਚੁੱਕੀ ਹੈ। ਇਸ ਤੋਂ ਬਾਅਦ ਹੁਣ 3 ਦਸੰਬਰ ਨੂੰ 29 ਕਿਸਾਨ ਸੰਗਠਨਾਂ ਨਾਲ ਮੀਟਿੰਗ ਹੋਵੇਗੀ। ਇਸ ਜਾਣਕਾਰੀ ਤੋਂ ਬਾਅਦ ਹਾਈ ਕੋਰਟ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਐਡਵੋਕੇਟ ਬਲਤੇਜ ਸਿੰਘ ਸਿੱਧੂ ਨੂੰ ਦੋ ਹਫ਼ਤਿਆਂ ‘ਚ ਦੱਸਣ ਲਈ ਕਿਹਾ ਹੈ ਕਿ, ਇਹ ਰੇਲਵੇ ਲਾਈਨ ਕਦੋਂ ਖਾਲੀ ਕੀਤੀ ਜਾਣਗੀਆਂ।

ਇਸ ਦੇ ਨਾਲ ਹੀ ਸਿੱਧੂ ਨੂੰ ਵਿਵਾਦ ਦੇ ਹੱਲ ਲਈ ਕੋਸ਼ਿਸ਼ ਕਰਨ ਲਈ ਭਾਰਤ ਦੇ ਵਧੀਕ ਸਾਲਿਸਿਟਰ ਜਨਰਲ ਅਤੇ ਪੰਜਾਬ ਦੇ ਐਡਵੋਕੇਟ ਜਨਰਲ ਨੂੰ ਮਿਲਣ ਦੇ ਹੁਕਮ ਸੁਣਾਏ ਹਨ। ਇਸ ਦੇ ਨਾਲ ਹੀ ਹਾਈ ਕੋਰਟ ਨੇ ਅੰਦੋਲਨਕਾਰੀ ਸੰਗਠਨਾਂ ਨੂੰ ਇਹ ਵੀ ਸਲਾਹ ਦਿੱਤੀ ਹੈ ਕਿ, ਉਨ੍ਹਾਂ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਰਸਤੇ ਖੁੱਲੇ ਰਹਿਣ।