ਪੰਜਾਬ ਦੇ ਲੱਖਾਂ ਕਿਸਾਨਾਂ ਦੇ ਦਿੱਲੀ ਦੌਰੇ ਤੇ ਸਰਹੱਦਾਂ ਹੋਈਆਂ ਸੀਲ
ਤਿੰਨ ਕਿਸਾਨ ਵਿਰੋਧੀ ਕਾਨੂੰਨਾ, ਬਿਜਲੀ ਸੋਧ ਬਿੱਲ 2020 ਅਤੇ ਪਰਾਲੀ ਸਾੜਨ ਵਾਲੇ ਕਿਸਾਨਾਂ ‘ਤੇ ਇਕ ਕਰੋੜ ਰੁਪਏ ਜੁਰਮਾਨੇ ਲਾਉਣ ‘ਤੇ ਕੇਂਦਰ ਸਰਕਾਰ ਵਿਰੁੱਧ 26 ਅਤੇ 27 ਨਵੰਬਰ ਨੂੰ ‘ਦਿੱਲੀ ਚਲੋ’ ਅੰਦੋਲਨ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀ ਹੈ। ਇਸ ਦੌਰਾਨ ਕਿਸਾਨ ਜੱਥੇਬੰਦੀਆਂ ਨੇ ਦੋਸ਼ ਲਗਾਉਂਦਿਆਂ ਕਿਹਾ ਹੈ ਕਿ, ਦਿੱਲੀ ਭੇਜਣ ਵਾਲੀ ਰਾਸ਼ਨ ਦੀ ਟਰਾਲੀਆਂ ਨੂੰ ਹਰਿਆਣਾ ਸਰਕਾਰ ਨੇ ਬਾਰਡਰ ‘ਤੇ ਹੀ ਰੋਕ ਲਿਆ ਹੈ।

ਪੰਜਾਬ ਭਵਨ ਵਿੱਚ ਭਾਕਿਯੂ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ , ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੀ ਅਗਵਾਈ ਹੇਠ ਪੰਜਾਬ ਦੇ ਦੋ ਲੱਖ ਤੋਂ ਵੱਧ ਕਿਸਾਨ, ਮਜ਼ਦੂਰ ਅਤੇ ਔਰਤਾਂ ਖਨੌਰੀ ਅਤੇ ਡੱਬਵਾਲੀ ਰਾਹੀਂ ਦਿੱਲੀ ਜਾਣਗੇ। ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ, ਇਸ ਕਾਫਲੇ ‘ਚ ਪੰਜਾਬ ਤੋਂ 960 ਬੱਸਾਂ, 2400 ਟਰੈਕਟਰ-ਟਰਾਲੀਆਂ, 20 ਪਾਣੀ ਦੇ ਟੈਂਕਰ ਅਤੇ 23 ਹੋਰ ਵਾਹਨ ਸ਼ਾਮਲ ਹੋਣਗੇ।

ਪੰਜਾਬ – ਹਰਿਆਣਾ ਸਰਹੱਦਾਂ ਹੋਈ ਸੀਲ
ਪੰਜਾਬ ਦੇ ਕਿਸਾਨਾਂ ਦੇ ਦਿੱਲੀ ਦੌਰੇ ਨੂੰ ਦੇਖਦਿਆਂ ਹਰਿਆਣਾ ਸਰਕਾਰ ਵਧੇਰੇ ਸਾਵਧਾਨ ਹੈ, ਜਿਸ ਚਲਦਿਆਂ ਪੰਜਾਬ ਅਤੇ ਦਿੱਲੀ ਨਾਲ ਲੱਗਦੇ ਬਾਰਡਰ ‘ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਇਕ ਪਾਸੇ ਜਿਥੇ ਕਿਸਾਨਾਂ ਨੂੰ ਰੋਕਣ ਲਈ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ, ਉਥੇ ਹੀ ਦੂਜੇ ਪਾਸੇ ਰੱਤੀਆ ਖੇਤਰ ਤੋਂ ਮਜ਼ਦੂਰ ਸਭਾ ਦੇ ਸੂਬਾ ਜਨਰਲ ਸਕੱਤਰ ਤੇਜਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਹਰਕਤ ਤੋਂ ਕਿਸਾਨਾਂ ਦਾ ਗੁੱਸਾ ਹੋਰ ਵਧੇਰੇ ਵੱਧ ਗਿਆ ਹੈ। ਇਸ ਸਾਰੀ ਘਟਨਾ ਬਾਰੇ ਸ਼ਹਿਰ ਦੇ ਚੌਕੀ ਇੰਚਾਰਜ ਨੇ ਪੁਸ਼ਟੀ ਕਰਦਿਆਂ ਕਿਹਾ ਕਿ, ਸ਼ਾਂਤੀ ਭੰਗ ਕਰਨ ਕਾਰਣ ਗ੍ਰਿਫਤਾਰੀ ਕੀਤੀ ਗਈ ਹੈ।