ਪੰਜਾਬ ਦੇ ਰਾਜਪਾਲ ਨੇ ਮੁੱਖ ਸਕੱਤਰ ਅਤੇ ਡੀਜੀਪੀ ਨੂੰ ਕੀਤਾ ਤਲਬ !
ਪੰਜਾਬੀ ਡੈਸਕ :- ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੇ ਕਿਸਾਨਾਂ ਨੂੰ ਅੰਦੋਲਨ ਦੌਰਾਨ ਪੰਜਾਬ ‘ਚ ਜੀਓ ਦੇ ਟਾਵਰਾਂ ਦੀ ਭੰਨ -ਤੋੜ ‘ਤੇ ਸਖਤ ਫੈਸਲਾ ਲੈਂਦੇ ਹੋਏ ਪੰਜਾਬ ਦੇ ਮੁੱਖ ਸਕੱਤਰ ਅਤੇ ਡੀਜੀਪੀ ਨੂੰ ਰਾਜਭਵਨ ਬੁਲਾਇਆ ਹੈ। ਦਸ ਦਈਏ ਸੂਬੇ ‘ਚ ਪਿਛਲੇ ਕੁਝ ਦਿਨਾਂ ‘ਚ ਪ੍ਰਦਰਸ਼ਨਕਾਰੀਆਂ ਨੇ 1600 ਤੋਂ ਵੱਧ ਟਾਵਰਾਂ ਨੂੰ ਨੁਕਸਾਨ ਪਹੁੰਚਾਇਆ ਹੈ। ਰਾਜਪਾਲ ਨੇ ਸੰਚਾਰ ਢਾਂਚੇ ਨੂੰ ਹੋਏ ਨੁਕਸਾਨ ‘ਤੇ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ।

ਉਨ੍ਹਾਂ ਕਿਹਾ ਵਪਾਰ, ਵਿਦਿਅਕ ਸੰਸਥਾਵਾਂ, ਸਰਕਾਰ ਅਤੇ ਲੋਕਾਂ ਨੂੰ ਇੰਟਰਨੇਟ ਦੀ ਸਖ਼ਤ ਜ਼ਰੂਰਤ ਹੈ। ਇਹ ਇੱਕ ਮੁਸ਼ਕਲ ਪਲ ਹੈ, ਜਦੋਂ ਓਂਨਲਾਈਨ ਕਲਾਸਾਂ ਦੁਆਰਾ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ, ਜਿਸ ਲਈ ਇੱਕ ਸੰਚਾਰ ਢਾਂਚਾ ਬਹੁਤ ਮਹੱਤਵਪੂਰਨ ਹੈ। ਰਾਜਪਾਲ ਵੀਪੀ ਸਿੰਘ ਬਦਨੌਰ ਦਾ ਮੰਨਣਾ ਹੈ ਕਿ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਜਿਹੇ ਨੁਕਸਾਨ ਨੂੰ ਰੋਕਣ ਵਿੱਚ ਅਸਫਲ ਰਹੀਆਂ ਹਨ। ਰਾਜਪਾਲ ਨੇ ਕਿਹਾ ਕਿ ਰਾਜ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਨਾਜਾਇਜ਼ ਕੰਮਾਂ ਨੂੰ ਰੋਕਣ ਅਤੇ ਸੰਚਾਰ ਢਾਂਚੇ ਦੀ ਰਾਖੀ ਲਈ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ।
ਜੀਓ ਨੇ ਭੇਜੀ ਕੈਪਟਨ ਅਤੇ ਡੀਜੀਪੀ ਨੂੰ ਚਿੱਠੀ
ਰਿਲਾਇੰਸ ਜੀਓ ਇਨਫੋਕਾਮ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀਜੀਪੀ ਦਿਨਕਰ ਗੁਪਤਾ ਨੂੰ ਪੰਜਾਬ ਵਿੱਚ ਜਿਓ ਮੋਬਾਈਲ ਟਾਵਰਾਂ ਨੂੰ ਬਚਾਉਣ ਲਈ ਇੱਕ ਪੱਤਰ ਲਿਖਿਆ ਹੈ। ਚਿੱਠੀ ‘ਚ ਪੰਜਾਬ ਵਿੱਚ ਕੰਪਨੀ ਦੇ ਅਣਪਛਾਤੇ ਵਿਅਕਤੀਆਂ ਵੱਲੋਂ ਮੋਬਾਈਲ ਟਾਵਰਾਂ ਨੂੰ ਨੁਕਸਾਨ ਹੋਣ ਦੀਆਂ ਘਟਨਾਵਾਂ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ।

ਪੰਜਾਬ ਵਿੱਚ ਹੁਣ ਤੱਕ ਕੰਪਨੀ ਦੇ 2000 ਤੋਂ ਵੱਧ ਟਾਵਰਾਂ ਨੂੰ ਨੁਕਸਾਨ ਪਹੁੰਚਿਆ ਹੈ, ਜਿਸ ਕਾਰਣ ਵਜੋਂ 1.5 ਕਰੋਡ਼ ਉਪਭੋਕਤਾਵਾਂ ਨੂੰ ਪਰੇਸ਼ਾਨੀ ਪੇਸ਼ ਆ ਰਹੀ ਹੈ। ਇਸ ਕਾਰਨ, ਔਨਲਾਈਨ ਸਿੱਖਿਆ ਦੇ ਨਾਲ-ਨਾਲ ਸਰਕਾਰੀ ਦਫ਼ਤਰਾਂ ‘ਚ ਇੰਟਰਨੈੱਟ ਸੇਵਾ ਨਾਲ ਜੁੜੀਆਂ ਸਹੂਲਤਾਂ ਵੀ ਪ੍ਰਭਾਵਤ ਹੋਈਆਂ ਹਨ। ਸੈਲੂਲਰ ਆਪਰੇਟਰਜ਼ ਐਸੋਸੀਏਸ਼ਨ ਆਫ ਇੰਡੀਆ (ਸੀਓਏਆਈ) ਨੇ ਰਾਜ ਸਰਕਾਰ ਤੋਂ ਇਨ੍ਹਾਂ ਟਾਵਰਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੀ ਮੰਗ ਕੀਤੀ ਹੈ।