ਪੰਜਾਬ ‘ਚ ਜੀਓ ਟਾਵਰਾਂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਕੈਪਟਨ ਸਰਕਾਰ ਦੀ ਚੇਤਾਵਨੀ
ਪੰਜਾਬੀ ਡੈਸਕ:- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਸੂਬੇ ਵਿੱਚ ਜੀਓ ਤੇ ਰਿਲਾਇੰਸ ਦੇ ਮੋਬਾਈਲ ਟਾਵਰਾਂ ਦੀ ਭੰਨਤੋੜ ਅਤੇ ਦੂਰ ਸੰਚਾਰ ਸੇਵਾਵਾਂ ‘ਚ ਵਿਘਨ ਪਾਉਣ ਵਾਲਿਆਂ ਖਿਲਾਫ ਸਖਤ ਚਿਤਾਵਨੀ ਜਾਰੀ ਕਰਦਿਆਂ ਪੰਜਾਬ ਪੁਲਿਸ ਨੂੰ ਨਿਰਦੇਸ਼ ਦਿੱਤੇ ਹਨ ਕਿ ਅਜਿਹੀਆਂ ਗੈਰਕਾਨੂੰਨੀ ਗਤੀਵਿਧੀਆਂ ਨੂੰ ਅਪਣਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਪੰਜਾਬ ਮੁਖ ਮੰਤਰੀ ਨੇ ਉਦੋਂ ਇਹ ਚਿਤਾਵਨੀ ਦਿੱਤੀ ਜਦੋਂ ਸੂਬੇ ਵਿੱਚ ਪ੍ਰਭਾਵਿਤ ਮੋਬਾਈਲ ਟਾਵਰਾਂ ਦੀ ਗਿਣਤੀ 1,561 ਹੋ ਗਈ, ਜਿਨ੍ਹਾਂ ਵਿਚੋਂ 25 ਟਾਵਰਾਂ ਨੂੰ ਕੁਝ ਕਿਸਾਨ ਅਤੇ ਉਨ੍ਹਾਂ ਦੇ ਹਮਾਇਤੀਆਂ ਨੇ ਕਥਿਤ ਤੌਰ ‘ਤੇ ਨੁਕਸਾਨ ਪਹੁੰਚਾਇਆ।

ਕੁਝ ਕਿਸਾਨ ਅਤੇ ਉਨ੍ਹਾਂ ਦੇ ਸਮਰਥਕਾਂ ਦੁਆਰਾ ਕਿਸਾਨ ਯੂਨੀਅਨਾਂ ਦੀਆਂ ਹਦਾਇਤਾਂ ਦੀ ਉਲੰਘਣਾ ਕਰਦਿਆਂ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਆਪਣਾ ਵਿਰੋਧ ਪ੍ਰਦਰਸ਼ਨ ਸ਼ਾਂਤਮਈ ਢੰਗ ਨਾਲ ਪੇਸ਼ ਨਾ ਕਰਕੇ ਇਸ ਨੂੰ ਗਲਤ ਰੂਪ ਦਿੱਤੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦਸ ਦਈਏ 1,561 ਟਾਵਰਾਂ ਵਿਚੋਂ, 32 ਟਾਵਰਾਂ ਦੀ ਬਿਜਲੀ ਸਪਲਾਈ ਠੱਪ ਹੋਣ ਕਾਰਨ 146 ਟਾਵਰ ਪ੍ਰਭਾਵਤ ਹੋਏ ਸਨ, ਜਿਸ ਕਾਰਨ ਬਾਕੀ 114 ਦੀਆਂ ਸੇਵਾਵਾਂ ਕੱਟੀਆਂ ਗਈਆਂ ਹਨ।

ਸਰਕਾਰੀ ਬੁਲਾਰੇ ਅਨੁਸਾਰ ਹੁਣ ਤੱਕ 433 ਟਾਵਰਾਂ ਦੀ ਮੁਰੰਮਤ ਕਰ ਦਿੱਤੀ ਗਈ ਹੈ। ਸੂਬੇ ਦੇ ਕੁੱਲ 21,306 ਮੋਬਾਈਲ ਫੋਨ ਟਾਵਰ ਇਸ ਦੇ 22 ਜ਼ਿਲ੍ਹਿਆਂ ਵਿੱਚ ਫੈਲੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ, ਉਹ ਸੂਬੇ ਨੂੰ ਅਰਾਜਕਤਾ ਵਿੱਚ ਪੈਣ ਨਹੀਂ ਦੇਣਗੇ ਅਤੇ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਆਗਿਆ ਨਹੀਂ ਹੈ।