ਨਵੇਂ ਸਾਲ 2021 ‘ਚ ਭਾਰਤ ਦੀ ਸ਼ੁਰੂਆਤ ਰਹੇਗੀ ਖਾਸ, ਜਾਣੋ ਕਿਵੇਂ
ਪੰਜਾਬੀ ਡੈਸਕ :- ਸਾਲ 2021 ‘ਚ ਸੁੱਰਖਿਆ ਪਰਿਸ਼ਦ ਵਿੱਚ ਵਿਆਪਕ ਸਹਿਯੋਗ ਦੀ ਲੋੜ ਨੂੰ ਦਰਸਾਉਂਦੇ ਹੋਏ, ਭਾਰਤ ਨੇ ਕਿਹਾ ਹੈ ਕਿ ਭਾਰਤ ਇੱਕ ਆਰਜ਼ੀ ਮੈਂਬਰ ਵਜੋਂ ਆਪਣੇ ਕਾਰਜਕਾਲ ਦੌਰਾਨ ਮਨੁੱਖੀ ਅਧਿਕਾਰਾਂ ਅਤੇ ਵਿਕਾਸ ਜਿਹੇ ਮੁਢਲੇ ਕਦਰਾਂ ਕੀਮਤਾਂ ਨੂੰ ਉਤਸ਼ਾਹਤ ਕਰੇਗਾ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀਐਸ ਤਿਰਮੂਰਤੀ ਨੇ ਕਿਹਾ ਕਿ ਭਾਰਤ ਦਾ ਜ਼ੋਰ ਬਹੁਪੱਖੀਕਰਨ ‘ਤੇ ਹੋਵੇਗਾ। ਦੱਸ ਦੇਈਏ ਕਿ ਭਾਰਤ 1 ਜਨਵਰੀ ਤੋਂ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ (ਯੂਐਨਐਸਸੀ) ਵਿੱਚ ਅਸਥਾਈ ਮੈਂਬਰ ਵਜੋਂ ਸ਼ਾਮਲ ਹੋਣ ਜਾ ਰਿਹਾ ਹੈ। ਯੂਐਨਐਸਸੀ ‘ਚ ਪੰਜ ਸਥਾਈ ਮੈਂਬਰ ਅਤੇ 10 ਅਸਥਾਈ ਮੈਂਬਰ ਹੁੰਦੇ ਹਨ ਅਤੇ ਇਸ ਵਾਰ ਭਾਰਤ ਨੂੰ ਅੱਠਵੀਂ ਵਾਰ ਅਸਥਾਈ ਮੈਂਬਰ ਵਜੋਂ ਸੰਯੁਕਤ ਰਾਸ਼ਟਰ ਸੰਘ ਵਿੱਚ ਸ਼ਾਮਿਲ ਕੀਤਾ ਗਿਆ ਹੈ।

ਟੀਐਸ ਤਿਰਮੂਰਤੀ ਨੇ ਕਿਹਾ “ਸਭ ਤੋਂ ਵੱਡੇ ਲੋਕਤੰਤਰ ਵਜੋਂ, ਅਸੀਂ ਲੋਕਤੰਤਰ, ਮਨੁੱਖੀ ਅਧਿਕਾਰਾਂ ਅਤੇ ਵਿਕਾਸ ਵਰਗੇ ਮੁਢਲੇ ਕਦਰਾਂ ਕੀਮਤਾਂ ਨੂੰ ਉਤਸ਼ਾਹਤ ਕਰਾਂਗੇ। ਉਨ੍ਹਾਂ ਕਿਹਾ, ਭਾਰਤ ਦਾ ਸੰਦੇਸ਼ ਇਹ ਹੋਵੇਗਾ ਕਿ ਅਸੀਂ ਏਕੀਕਰਣ ਦੇ ਢਾਂਚੇ ‘ਚ ਵਿਭਿੰਨਤਾ ਨੂੰ ਕਿਵੇਂ ਉਤਸ਼ਾਹਤ ਕਰ ਸਕਦੇ ਹਾਂ ਜੋ ਸੰਯੁਕਤ ਰਾਸ਼ਟਰ ‘ਚ ਕਈ ਤਰੀਕਿਆਂ ਨਾਲ ਝਲਕਦੀ ਹੈ। ਤਿਰਮੂਰਤੀ ਨੇ ਕਿਹਾ, ਭਾਰਤ ਕੌਂਸਲ ਵਿੱਚ ਵੱਧ ਤੋਂ ਵੱਧ ਸਹਿਯੋਗ ਦੀ ਜ਼ਰੂਰਤ ਨੂੰ ਜਰੂਰੀ ਰੂਪ ਰੇਖਾ ਦੇਵੇਗਾ। ਉਨ੍ਹਾਂ ਕਿਹਾ ਕਿ ਇਹ ਉਹ ਜਗ੍ਹਾ ਨਹੀਂ ਹੋਣੀ ਚਾਹੀਦੀ, ਜਿੱਥੇ ਫੈਸਲਾ ਲੈਣ ਦੀ ਪ੍ਰਕਿਰਿਆ ‘ਚ ਰੁਕਾਵਟ ਹੋਣ ਕਾਰਨ ਜ਼ਰੂਰੀ ਜ਼ਰੂਰਤਾਂ ਦਾ ਸਹੀ ਢੰਗ ਨਾਲ ਹੱਲ ਨਾ ਕੱਢਿਆ ਜਾ ਸਕੇ।

ਸਾਲ 2021 ‘ਚ ਭਾਰਤ ਤੋਂ ਇਲਾਵਾ ਨਾਰਵੇ, ਕੀਨੀਆ, ਆਇਰਲੈਂਡ ਅਤੇ ਮੈਕਸੀਕੋ ਅਸਥਾਈ ਮੈਂਬਰਾਂ ਵਜੋਂ ਸ਼ਾਮਲ ਹੋਣਗੇ। ਇਨ੍ਹਾਂ ਤੋਂ ਇਲਾਵਾ, ਐਸਟੋਨੀਆ, ਨਾਈਜਰ, ਸੇਂਟ ਵਿਨਸੈਂਟ ਅਤੇ ਗ੍ਰੇਨਡਾਈਨਜ਼, ਟਿਯੂਨੀਸ਼ੀਆ ਅਤੇ ਵੀਅਤਨਾਮ ਯੂਐਨਐਸਸੀ ਦੇ ਅਸਥਾਈ ਮੈਂਬਰ ਹਨ। ਜਦਕਿ ਚੀਨ, ਫਰਾਂਸ, ਰੂਸ, ਬ੍ਰਿਟੇਨ ਅਤੇ ਸੰਯੁਕਤ ਰਾਜ ਅਮਰੀਕਾ ਸਥਾਈ ਮੈਂਬਰ ਹਨ। ਨਾਲ ਹੀ ਦਸ ਦਈਏ ਕਿ ਭਾਰਤ ਅਗਸਤ 2021’ਚ ਸੰਯੁਕਤ ਰਾਸ਼ਟਰ ਸੰਘ ਅਤੇ ਫਿਰ 2022 ‘ਚ ਇਕ ਮਹੀਨੇ ਲਈ ਕੌਂਸਲ ਦੀ ਪ੍ਰਧਾਨਗੀ ਕਰੇਗਾ।