ਜਾਣੋ ਕਿਉਂ ਦਿੱਲੀ ‘ਚ ਭਾਜਪਾ ਤੇ ਆਪ ਹੋਈਆਂ ਆਹਮੋ -ਸਾਹਮਣੇ !
ਪੰਜਾਬੀ ਡੈਸਕ :- ਦਿੱਲੀ ‘ਚ ਜਿੱਥੇ ਇੱਕ ਪਾਸੇ ਕਿਸਾਨ ਅੰਦੋਲਨ ਰੁਕਣ ਦਾ ਨਾਮ ਨਹੀਂ ਲੈ ਰਿਹਾ, ਉਸੇ ਵਿਚਾਲੇ ਹੁਣ ਦਿੱਲੀ ‘ਚ ਨਵੇਂ ਮਸਲੇ ‘ਤੇ ਦੋ ਰਾਜਨੀਤਿਕ ਧਿਰਾਂ ਦਾ ਆਹਮੋ-ਸਾਹਮਣਾ ਵੇਖਣ ਨੂੰ ਮਿਲਿਆ ਹੈ। ਦਸ ਦਈਏ ਦਿੱਲੀ ਦੇ ਚਾਂਦਨੀ ਚੌਕ ਵਿਖੇ ਕਰੀਬ 60 ਸਾਲ ਪੁਰਾਣੇ ਮੰਦਰ ਨੂੰ ਢਾਹੁਣ ਤੋਂ ਬਾਅਦ ਹੁਣ ਰਾਜਨੀਤਿਕ ਪਾਰਟੀਆਂ ‘ਚ ਵਿਵਾਦ ਬੇਹੱਦ ਵੱਧ ਗਿਆ ਹੈ। ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਵਿਰੋਧੀ ਭਾਰਤੀ ਜਨਤਾ ਪਾਰਟੀ ਇਕ ਦੂਜੇ ‘ਤੇ ਮੰਦਰ ਨੂੰ ਤੋੜਨ ਦਾ ਦੋਸ਼ ਲਗਾ ਰਹੀਆਂ ਹਨ। ਇਸ ਦੇ ਨਾਲ ਹੀ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮੈਂਬਰਾਂ ਨੇ ਚਾਂਦਨੀ ਚੌਕ ‘ਤੇ ਜਮਕੇ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਕਾਂਗਰਸ ਵੀ ਇਸ ਮਾਮਲੇ ‘ਚ ਆਪਣੀ ਹਾਜਰੀ ਭਰਦੀ ਦਿਖਾਈ ਦਿੱਤੀ ਹੈ।

ਇੱਕ ਪਾਸੇ ਆਮ ਆਦਮੀ ਪਾਰਟੀ ਨੇ ਅੱਜ ਪ੍ਰੈਸ ਕਾਨਫਰੰਸ ਆਯੋਜਿਤ ਕਰਕੇ ਭਾਜਪਾ ਸ਼ਾਸਤ ਐਮਸੀਡੀ ਉੱਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਅਦਾਲਤ ਵਿੱਚ ਇੱਕ ਹਲਫਨਾਮਾ ਜਮ੍ਹਾ ਕੀਤਾ ਹੈ ਕਿ, ਮੰਦਰ ਕਬਜ਼ੇ ਹੇਠ ਹੈ, ਇਸ ਨੂੰ ਤੋੜਿਆ ਜਾਣਾ ਚਾਹੀਦਾ ਹੈ। ਨਾਲ ਹੀ ਇਹ ਇਲਜਾਮ ਲਗਾਇਆ ਕਿ ਐਮਸੀਡੀ ਨੇ ਐਤਵਾਰ ਸਵੇਰੇ ਜਦੋਂ ਬਾਰਸ਼ ਹੋ ਰਹੀ ਸੀ ਤਾਂ ਇਸ ਮੰਦਰ ਨੂੰ ਤੋੜਿਆ ਹੈ ਤਾਂ ਜੋ ਕੋਈ ਵੀ ਅੜਿੱਕਾ ਪੇਸ਼ ਨਾ ਆ ਸਕੇ। ਪਾਰਟੀ ਦਾ ਕਹਿਣਾ ਹੈ ਕਿ, ਭਾਜਪਾ ਨੇ ਇਸ ਮੰਦਰ ਨੂੰ ਤੋੜਿਆ ਸੀ ਅਤੇ ਹੁਣ ਲੋਕਾਂ ਦੇ ਗੁੱਸੇ ਤੋਂ ਬਚਣ ਲਈ ਝੂਠ ਦਾ ਸਹਾਰਾ ਲੈ ਰਹੀ ਹੈ।

ਦੂਜੇ ਪਾਸੇ, ਭਾਜਪਾ ਦਾ ਕਹਿਣਾ ਹੈ ਕਿ ਚਾਂਦਨੀ ਚੌਕ ਪੁਨਰ ਨਿਰਮਾਣ ਪ੍ਰਾਜੈਕਟ ਦਿੱਲੀ ਸਰਕਾਰ ਦਾ ਹੈ, ਅਜਿਹੀ ਸਥਿਤੀ ਵਿੱਚ ਉਹ ਇਸ ਮੰਦਰ ਨੂੰ ਇੱਥੋਂ ਹਟਾਉਣਾ ਚਾਹੁੰਦੀ ਸੀ। ਦਿੱਲੀ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਨੇ ਵੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਮੰਗ ਕੀਤੀ ਹੈ ਕਿ, ਚਾਂਦਨੀ ਚੌਕ ਦੀ ਸੁੰਦਰੀਕਰਨ ਯੋਜਨਾ ਦੇ ਡਿਜ਼ਾਇਨ ਵਿੱਚ ਤਬਦੀਲੀ ਕੀਤੀ ਜਾਵੇ ਅਤੇ ਹਨੂੰਮਾਨ ਮੰਦਰ ਨੂੰ ਬਹਾਲ ਕਰਨ ਦੇ ਪ੍ਰਬੰਧ ਕੀਤੇ ਜਾਣ। ਭਾਜਪਾ ਉਪ ਰਾਜਪਾਲ ਅਨਿਲ ਬੈਜਲ ਨੂੰ ਵੀ ਇਸ ਮਾਮਲੇ ‘ਚ ਸ਼ਾਮਿਲ ਹੋਣ ਦੀ ਮੰਗ ਚੁੱਕ ਰਹੀ ਹੈ। ਇਸ ਦੇ ਨਾਲ ਹੀ, ਅੱਜ ਚਾਂਦਨੀ ਚੌਕ ਵਿਖੇ ਰੋਸ ਪ੍ਰਦਰਸ਼ਨ ਕਰਨ ਪਹੁੰਚੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮੈਂਬਰਾਂ ਦਾ ਕਹਿਣਾ ਹੈ ਕਿ, ਮੰਦਰ ਨੂੰ ਕਿਸ ਨੇ ਤੋੜਿਆ ਹੈ ਇਸ ਦੀ ਕੋਈ ਗੱਲ ਨਹੀਂ, ਸਾਨੂੰ ਦੁਬਾਰਾ ਮੰਦਰ ਦੀ ਜ਼ਰੂਰਤ ਹੈ। ਸਾਡੀ ਮੰਗ ਪੂਰੀ ਹੋਣ ਤੱਕ ਅਸੀਂ ਇਥੇ ਪ੍ਰਦਰਸ਼ਨ ਕਰਨਾ ਜਾਰੀ ਰੱਖਾਂਗੇ।