ਕਿਸਾਨ ਯੂਨੀਅਨਾਂ ਨੇ ਮ੍ਰਿਤਕ ਕਿਸਾਨਾਂ ਨੂੰ ਭੇਂਟ ਕੀਤੀ ਸ਼ਰਧਾਂਜਲੀ
ਕੇਂਦਰ ਸਰਕਾਰ ਦੇ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਦਿੱਲੀ ‘ਚ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ‘ਚ ਮਰਨ ਵਾਲੇ ਕਿਸਾਨਾਂ ਦੀ ਗਿਣਤੀ 35 ਤੱਕ ਪਹੁੰਚ ਗਈ ਹੈ। ਇਨ੍ਹਾਂ ਕਿਸਾਨਾਂ ਦੀ ਮੌਤ ਨੂੰ ਸ਼ਹਾਦਤ ਦਾ ਨਾਮ ਦਿੱਤਾ ਗਿਆ ਹੈ, ਜਿਹਨਾਂ ਨੂੰ ਅੱਜ ਕਿਸਾਨ ਜਥੇਬੰਦੀਆਂ ਵਲੋਂ ਸ਼ਰਧਾਂਜਲੀ ਅਰਪਿਤ ਕੀਤੀ ਗਈ ਹੈ।

ਇਸ ਬਾਰੇ ਬੀ.ਕੇ.ਯੂ (ਡਕੌਂਦਾ) ਦੇ ਜਨਰਲ ਸੱਕਤਰ ਜਗਮੋਹਨ ਸਿੰਘ ਨੇ ਸੰਜੁਕਤ ਕਿਸਾਨ ਮੋਰਚਾ ਦੀ ਤਰਫੋਂ ਬੋਲਦਿਆਂ ਕਿਹਾ ਕਿ, 32 ਕਿਸਾਨ ਸੰਗਠਨਾਂ ਵੱਲੋਂ ਦਿੱਤੇ ਗਏ ਸੱਦੇ ‘ਤੇ ਲੋਕਾਂ ਨੇ ਪੰਜਾਬ ਵਿੱਚ 380 ਥਾਵਾਂ ‘ਤੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਹ ਬੈਠਕਾਂ ਵਿਰੋਧ ਸਥਾਨਾਂ ‘ਤੇ ਆਯੋਜਿਤ ਕੀਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਰਾਸ਼ਟਰੀ ਪੱਧਰ ‘ਤੇ, 22 ਰਾਜਾਂ ‘ਚ 90,000 ਦੇ ਲਗਭਗ ਯਾਦਗਾਰ ਮੀਟਿੰਗਾਂ ਆਰੰਭੀ ਗਈਆਂ ਹਨ। ਉੱਥੇ ਹੀ ਗੁਰੂ ਨਗਰੀ ਅੰਮ੍ਰਿਤਸਰ ‘ਚ ਕਿਸਾਨਾਂ ਦੇ ਸੱਦੇ ਦੇ ਹਿੱਸੇ ਵਜੋਂ, ਕਈ ਸਮਾਜਿਕ, ਧਾਰਮਿਕ, ਲੋਕ ਭਲਾਈ ਅਤੇ ਵਪਾਰਕ ਸੰਗਠਨਾਂ ਨੇ ਚੱਲ ਰਹੇ ਅੰਦੋਲਨ ਦੌਰਾਨ ਆਪਣੀ ਜਾਨ ਗਵਾਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਇੱਕ ” ਸ਼ਰਧਾਂਜਲੀ ਦਿਵਸ ” ਵੀ ਮਨਾਇਆ।
ਪਵਿੱਤਰ ਸ਼ਹਿਰ ਦੇ ਕਿਸਾਨਾਂ ਦੀ ਨੁਮਾਇੰਦਗੀ ਕਰ ਰਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੁੰਡਲੀ-ਸਿੰਘੂ ਸਰਹੱਦ ‘ਤੇ ਵਿਛੜੀਆਂ ਰੂਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸੱਕਤਰ ਸਰਵਣ ਸਿੰਘ ਪਧੇਰ ਨੇ ਕਿਹਾ ਕਿ, ਅੰਦੋਲਨ ਦੌਰਾਨ ਲਗਭਗ 30 ਵਿਅਕਤੀਆਂ ਦੇ ਪੋਸਟਰ ਬਣਾਏ ਗਏ ਹਨ, ਜੋ ਇਸ ਕਿਸਾਨੀ ਸੰਘਰਸ਼ ‘ਤੇ ਆਪਣਾ ਜੀਵਨ ਬਲਿਦਾਨ ਕਰ ਗਏ ਹਨ। ਉਨ੍ਹਾਂ ਕਿਹਾ, “ਮੋਦੀ ਸਰਕਾਰ ਉਨ੍ਹਾਂ ਦੇ ਇਸ ਕਦਮ ਨੂੰ ਜਾਇਜ਼ ਠਹਿਰਾਉਣ ਲਈ ਵੱਖੋ -ਵੱਖਰੀ ਰਣਨੀਤੀ ਅਪਣਾ ਰਹੀ ਹੈ ਪਰ ਅਸੀਂ ਇਹ ਜਾਨਣ ਤੋਂ ਪਹਿਲਾਂ ਆਰਾਮ ਨਹੀਂ ਕਰਾਂਗੇ ਕਿ “ ਸ਼ਹੀਦ” ਨੇ ਆਪਣੀ ਜਾਨ ਕਿਉਂ ਗੁਆਈ।
ਚੀਫ਼ ਖਾਲਸਾ ਦੀਵਾਨ, ਭਾਈ ਘਨੱਈਆ ਜੀ ਮਿਸ਼ਨ ਸੁਸਾਇਟੀ, ਹਵਾਰਾ ਕਮੇਟੀ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਵਾਇਸ ਆਫ਼ ਅੰਮ੍ਰਿਤਸਰ, ਮਿਸ਼ਨ ਆਗਾਜ਼, ਸ੍ਰੀ ਅਖੰਡ ਪਾਠ ਸਾਹਿਬ ਸੁਸਾਇਟੀ, ਮਾਤਾ ਕੌਲਾ ਜੀ ਭਲਾਈ ਸੁਸਾਇਟੀ ਅਤੇ ਅੰਮ੍ਰਿਤਸਰ ਵਿੱਖੇ ਮੰਚ ਦੇ ਕਾਰਕੁਨਾਂ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ। ਧੰਨ ਧੰਨ ਬਾਬਾ ਦੀਪ ਸਿੰਘ ਲੋਕ ਸੇਵਾ ਸੁਸਾਇਟੀ ਦੇ ਕਾਰਕੁਨਾਂ ਨੇ ਗੱਲ ‘ਚ ਲੋਹੇ ਦੀਆਂ ਜ਼ੰਜੀਰਾਂ ਪਾ ਕੇ ਵਿਰੋਧ ਪ੍ਰਦਰਸ਼ਨ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ, ਕੇਂਦਰ ਨੇ ਇਹ ਕਾਨੂੰਨ ਕਾਰਪੋਰੇਟ ਘਰਾਣਿਆਂ ਦੇ ਹੱਥੋਂ ਕਿਸਾਨਾਂ ਦੀ ਉਨ੍ਹਾਂ ਦੀ ਜ਼ਮੀਨ ਅਤੇ ਕਿੱਤੇ ਨੂੰ ਖੋਹਣ ਲਈ ਤਿਆਰ ਕੀਤੇ ਹਨ।
ਇਸੇ ਤਰ੍ਹਾਂ ਦੇ ਸਮਾਗਮ ਸੰਗਰੂਰ ਅਤੇ ਬਰਨਾਲਾ ਜ਼ਿਲ੍ਹਿਆਂ ਵਿੱਚ ਵੀ ਹੋਏ ਸਨ। ਕਿਰਤੀ ਕਿਸਾਨ ਯੂਨੀਅਨ ਦੇ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਨੇ ਕਿਹਾ, “ਆਉਣ ਵਾਲੇ ਦਿਨਾਂ ਵਿੱਚ ਅਸੀਂ ਪੀੜਤ ਪਰਿਵਾਰਾਂ ਨੂੰ ਵਿੱਤੀ ਮੁਆਵਜ਼ੇ ਅਤੇ ਸਰਕਾਰੀ ਨੌਕਰੀਆਂ ਦੇਣ ਲਈ ਅੰਦੋਲਨ ਸ਼ੁਰੂ ਕਰਾਂਗੇ। ਇਸ ਦੌਰਾਨ ਭੋਗ ਸ੍ਰੀ 57 ਸਾਲਾ ਬਲਬੀਰ ਸਿੰਘ ਦੀ ਯਾਦ ‘ਚ ਕੀਤਾ ਗਿਆ, ਜਿਸ ਦੀ 12 ਦਸੰਬਰ ਨੂੰ ਇਕ ਸੜਕ ਹਾਦਸੇ ‘ਚ ਮੌਤ ਹੋ ਗਈ ਸੀ, ਜਦੋਂ ਉਹ ਦਿੱਲੀ ਕਿਸਾਨ ਅੰਦੋਲਨ ਤੋਂ ਪਰਤ ਰਹੇ ਸਨ।