ਕਿਸਾਨਾਂ ਦੇ ਸਮਰਥਨ ‘ਚ ਭਾਰਤੀ- ਕੈਨੇਡੀਅਨ ਗਾਇਕ ਜੈਜ਼ੀ ਬੀ ਪਹੁੰਚੇ ਸਿੰਘੁ ਬਾਰਡਰ
ਕੇਂਦਰ ਸਰਕਾਰ ਦੇ ਤਿੰਨ ਕਾਲੇ ਕਾਨੂੰਨਾਂ ਖਿਲਾਫ ਅੱਜ ਦਿੱਲੀ ‘ਚ ਕਿਸਾਨਾਂ ਦੇ ਸੰਘਰਸ਼ ਦਾ 27 ਵਾਂ ਦਿਹਾੜਾ ਹੈ। ਇਸ ਮੌਕੇ ਭਾਰਤੀ-ਕੈਨੇਡੀਅਨ ਗਾਇਕ ਜੈਜ਼ੀ ਬੀ ਕਿਸਾਨਾਂ ਦੇ ਸਮਰਥਨ ‘ਚ ਉਭਰ ਕੇ ਆਏ ਹਨ ਅਤੇ ਉਨ੍ਹਾਂ ਕਿਸਾਨਾਂ ਦੇ ਇਸ ਸੰਘਰਸ਼ ਦੀ ਖੁੱਲ ਕੇ ਹਮਾਇਤ ਕੀਤੀ ਹੈ। ਦਸ ਦਈਏ ਪੰਜਾਬੀ ਕਲਾਕਾਰਾਂ ਵਲੋਂ ਕਿਸਾਨਾਂ ਦੇ ਇਸ ਸੰਘਰਸ਼ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਕਿਸਾਨਾਂ ਦੀ ਇਸ ਮੁਸ਼ਕਿਲ ਘੜੀ ‘ਚ ਪੰਜਾਬੀ ਕਲਾਕਾਰ ਕਿਸਾਨਾਂ ਦੇ ਨਾਲ ਮੋਢੇ ਤੋਂ ਮੋਢਾ ਜੋੜ ਕੇ ਖੜੇ ਹਨ, ਜੋ ਕਿ ਕਿਸਾਨਾਂ ਦੇ ਇਸ ਸੰਘਰਸ਼ ਨੂੰ ਹੋਰ ਮਜਬੂਤ ਕਰਦਾ ਹੈ।

ਅਜਿਹੇ ਹੀ ਪੰਜਾਬੀ ਗਾਇਕੀ ਦੇ ਸਿਤਾਰੇ ਜੈਜ਼ੀ ਬੀ ਵੀ ਅੱਜ ਕਿਸਾਨਾਂ ਦੇ ਸਮਰਥਨ ਵਿੱਚ ਸਿੰਘੁ ਬਾਰਡਰ ‘ਤੇ ਪਹੁੰਚੇ ਹਨ ਅਤੇ ਕਿਸਾਨ ਅਤੇ ਕਿਸਾਨਾਂ ਦੇ ਸਮਰਥਨ ‘ਚ ਖੁੱਲ ਕੇ ਬੋਲੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਜੱਥੇਬੰਦੀਆਂ ਵਧਾਈ ਦੀ ਪਾਤਰ ਹਨ, ਜਿਨ੍ਹਾਂ ਦੇ ਸੰਘਰਸ਼ ਨੇ ਪੂਰੀ ਦੁਨੀਆ ਨੂੰ ਇੱਕ ਮੰਚ ਤੇ ਲਿਆ ਕੇ ਖੜਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਪੰਜਾਬ ਦੀ ਇਸ ਲੜਾਈ ‘ਚ ਹਰਿਆਣਾ ਨੇ ਭਰਾ ਵਾਂਗੂ ਸਾਥ ਦਿੱਤਾ ਹੈ। ਜੈਜ਼ੀ ਬੀ ਨੇ ਭੀੜ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ, ਜਿਹੜੇ ਕਿਸਾਨ ਭਰਾਵਾਂ ਨਾਲ ਧੱਕਾ ਹੋਇਆ ਹੈ। ਉਹ ਇੱਥੇ ਆਪਣੇ ਹੱਕ ਦੀ ਲੜਾਈ ਲੜਨ ਲਈ ਪਹੁੰਚ ਰਹੇ ਹਨ।
ਜੈਜ਼ੀ ਬੀ ਨੇ ਕਿਹਾ, ਕਿ ਪੰਜਾਬ ਅਤੇ ਹਰਿਆਣਾ ਕਿਸੇ ਨਾਲ ਧੱਕਾ ਨਹੀਂ ਹੋਣ ਦਿੰਦੇ। ਉਨ੍ਹਾਂ ਕਿਹਾ ਕਿ ਪੰਜਾਬ ਨੇ ਸਾਰੀ ਦੁਨੀਆ ਨੂੰ ਆਪਣੇ ਤਾਕਤ ਬਾਰੇ ਦੱਸਿਆ ਹੈ। ਉਨ੍ਹਾਂ ਸਾਬਿਤ ਕਰ ਦਿਖਾਇਆ ਹੈ ਕਿ ਪੰਜਾਬ ‘ਚ ਨਸ਼ਾ ਨਹੀਂ ਸਗੋਂ ਅਜਿਹੀ ਤਾਕਤ ਵਸਦੀ ਹੈ, ਜਿਸਨੇ ਅੱਜ ਸਰਕਾਰ ਨੂੰ ਵੀ ਆਪਣੇ ਕਾਲੇ ਕਾਨੂੰਨ ਵਾਪਸ ਲੈਣ ਤੇ ਮਜਬੂਰ ਕਰ ਦਿੱਤਾ ਹੈ। ਨੌਜਵਾਨਾਂ ਨੂੰ ਜੈਜ਼ੀ ਬੀ ਨੇ ਬੇਨਤੀ ਕੀਤੀ ਕਿ, ਆਪਾਂ ਕੋਈ ਅਜਿਹਾ ਕੰਮ ਨਹੀਂ ਕਰਨਾ , ਜਿਸ ਨਾਲ ਸਾਡੀ ਬਦਨਾਮੀ ਹੋਵੇ।