ਕਿਸਾਨਾਂ ਦੇ ਸਮਰਥਨ ‘ਚ, ਪੰਜਾਬ ਕਾਂਗਰਸ ਦਾ ਸ਼ੰਭੂ ਬਾਰਡਰ ‘ਤੇ ਧਰਨਾ
ਕੇਂਦਰ ਸਰਕਾਰ ਦੇ ਪਾਸ ਕੀਤੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨ ਅੰਦੋਲਨ ਲਈ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਸ਼ੰਭੂ ਸਰਹੱਦ ‘ਤੇ ਧਰਨਾ ਦਿੱਤਾ ਜਾਵੇਗਾ। ਇਸ ਵਿੱਚ ਸ਼ਾਮਲ ਹੋਣ ਲਈ ਹਜ਼ਾਰਾਂ ਪਾਰਟੀ ਵਰਕਰ, ਕਿਸਾਨ, ਕਾਰੀਗਰ ਅਤੇ ਕਾਰੋਬਾਰੀ, ਕਾਂਗਰਸ ਪੰਜਾਬ ਮੁੱਖੀ ਸੁਨੀਲ ਜਾਖੜ ਤੋਂ ਇਲਾਵਾ ਵਿਧਾਇਕ ਅਤੇ ਮੰਤਰੀ ਹਿੱਸਾ ਲੈਣਗੇ। ਐਤਵਾਰ ਨੂੰ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਅਤੇ ਘਨੌਰ ਤੋਂ ਵਿਧਾਇਕ ਮਦਨ ਲਾਲ ਕਾਂਗਰਸ ਵੱਲੋ ਕੀਤੇ ਜਾ ਰਹੇ ਵਿਸ਼ਾਲ ਧਰਨੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਜਲਾਲਪੁਰ ਪਹੁੰਚੇ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ, ਹਜ਼ਾਰਾਂ ਲੋਕ ਇਸ ਵਿਸ਼ਾਲ ਧਰਨੇ ਵਿੱਚ ਕਿਸਾਨਾਂ ਦਾ ਸਮਰਥਨ ਕਰਨ ਆਉਣਗੇ। ਕਾਂਗਰਸ ਸਰਕਾਰ ਪੂਰੀ ਤਰਾਂ ਨਾਲ ਕਿਸਾਨਾਂ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਕਾਂਗਰਸੀ ਵਰਕਰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਚੱਲਣ ਵਾਲੇ ਇਸ ਪ੍ਰਦਰਸ਼ਨ ਵਿੱਚ ਵਾਹਨਾਂ ਨੂੰ ਜਾਮ ਨਹੀਂ ਕਰੇਗਾ, ਪਰ ਸੜਕਾਂ ‘ਤੇ ਆਉਣ -ਜਾਉਣ ਵਾਲਿਆਂ ਨੂੰ ਦਿੱਕਤ ਆ ਸਕਦੀ ਹੈ। ਕਿਸਾਨਾਂ ਅਤੇ ਆਮ ਲੋਕਾਂ ਲਈ ਦਿਨ ਭਰ ਲੰਗਰ ਲਗਾਉਣ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ। ਇੰਨਾ ਹੀ ਨਹੀਂ ਸਮਾਜ ਸੇਵੀ ਸੰਸਥਾ ਦੀ ਸਹਾਇਤਾ ਨਾਲ ਮਰੀਜ਼ਾਂ ਦੀ ਜਾਂਚ ਲਈ ਮੈਡੀਕਲ ਅਤੇ ਕੈਂਸਰ ਦੀ ਬਿਮਾਰੀ ਦਾ ਚੈੱਕਅਪ ਮੁਫਤ ਕੀਤਾ ਜਾਵੇਗਾ। ਮਰੀਜ਼ਾਂ ਅਤੇ ਕਿਸਾਨਾਂ ਲਈ ਦਵਾਈਆਂ ਅਤੇ ਲੰਗਰ ਦੀ ਵਿਵਸਥਾ ਵੀ ਕੀਤੀ ਗਈ ਹੈ।

ਐਮ ਐੱਲ ਏ ਹਰਦਿਆਲ ਸਿੰਘ ਕੰਬੋਜ਼ ਨੇ ਕਿਹਾ ਕਿ ਖੇਤੀਬਾੜੀ ਕਾਨੂੰਨ ਜੋ ਕੇਂਦਰ ਸਰਕਾਰ ਨੇ ਕਿਸਾਨ ਹਿਤੈਸ਼ੀ ਬਣਾਏ ਹਨ। ਉਹ ਕਿਸਾਨਾਂ ਤੋਂ ਇਲਾਵਾ ਵਪਾਰੀਆਂ ਅਤੇ ਮਜ਼ਦੂਰਾਂ ਨੂੰ ਬਰਬਾਦ ਕਰਨ ਜਾ ਰਹੇ ਹਨ। ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਸਮੂਹ ਲਗਭਗ ਤਿੰਨ ਮਹੀਨਿਆਂ ਤੋਂ ਸੰਘਰਸ਼ ਕਰ ਰਿਹਾ ਹੈ। ਪਿਛਲੇ 18 ਦਿਨਾਂ ਤੋਂ, ਦਿੱਲੀ ਸਰਹੱਦ ‘ਤੇ ਠੰਡ ‘ਚ ਬੈਠੇ ਕਿਸਾਨ ਕੇਂਦਰ ਸਰਕਾਰ ਤੋਂ ਕਿਸਾਨੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ।
ਹੁਣ ਪੰਜਾਬ ਕਾਂਗਰਸ ਸ਼ੰਭੂ ਸਰਹੱਦ ‘ਤੇ ਕਿਸਾਨਾਂ, ਵਪਾਰੀਆਂ ਅਤੇ ਮਜ਼ਦੂਰਾਂ ਲਈ ਸੋਮਵਾਰ ਨੂੰ ਸਵੇਰੇ 11 ਵਜੇ ਧਰਨਾ ਦੇ ਕੇ ਵਿਰੋਧ ਪ੍ਰਦਰਸ਼ਨ ਕਰੇਗੀ। ਇਸ ਦੇ ਨਾਲ ਹੀ ਜਲਾਲਪੁਰ ਨੇ ਕਿਹਾ ਕਿ, ਹਜ਼ਾਰਾਂ ਕਿਸਾਨ ਸਮਰਥਕਾਂ ਦੇ ਪੇਂਡੂ ਖੇਤਰਾਂ ਤੋਂ ਆਉਣ ਦੀ ਉਮੀਦ ਹੈ। ਕਿਉਂਕਿ ਲੋਕਾਂ ਨੂੰ ਮੁਸਕਲਾਂ ਪੇਸ਼ ਨਾ ਆਉਣ ਇਸ ਲਈ ਆਉਣ -ਜਾਉਣ ਵਾਲੇ ਰਸਤੇ ਨੂੰ ਖਾਲੀ ਕਰ ਦਿੱਤਾ ਗਿਆ ਹੈ ਅਤੇ ਸੜਕ ਦੇ ਕੰਡੇ ‘ਤੇ ਸਟੇਜ ਤਿਆਰ ਕੀਤਾ ਗਿਆ ਹੈ। ਇਸ ਮੌਕੇ ਕਈ ਹੋਰ ਕਾਂਗਰਸੀ ਆਗੂ ਮੌਜੂਦ ਸਨ।