ਐਸਵਾਈਐਲ ਦੇ ਮੁੱਦੇ ‘ਤੇ ਸੁਨੀਲ ਜਾਖੜ ਦਾ ਜੁਆਬ, ਕਿਹਾ – ਅੱਗ ਨਾਲ ਖੇਡ ਰਹੀ ਭਾਜਪਾ
ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ, ਕਿਸਾਨ ਆਪਣੀਆਂ ਹੱਕੀ ਮੰਗਾਂ ਲਈ ਲੜ ਰਹੇ ਹਨ ਪਰ ਕਿਸਾਨ ਅੰਦੋਲਨ 'ਚ ਫੁੱਟ ਪਾਉਣ ਦੇ ਇਰਾਦੇ ਨਾਲ, ਭਾਜਪਾ ਨੇ ਐਸਵਾਈਐਲ (ਸਤਲੁਜ-ਯਮੁਨਾ ਲਿੰਕ ਨਹਿਰ) ਦਾ ਮੁੱਦਾ ਚੁੱਕ ਕੇ ਆਪਣੇ ਖਤਰਨਾਕ ਇਰਾਦਿਆਂ ਨੂੰ ਸਾਫ ਕਰ ਦਿੱਤਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ, ਭਾਜਪਾ ਅਜਿਹਾ ਕਰਕੇ ਅੱਗ ਨਾਲ ਖੇਡ ਰਹੀ ਹੈ। ਇਹ ਖੇਤੀਬਾੜੀ ਕਾਨੂੰਨਾਂ ਨੂੰ ਲਾਗੂ ਕਰਨ ਦੀ ਜ਼ਿੱਦ 'ਚ ਕਰੋੜਾਂ ਕਿਸਾਨਾਂ ਨੂੰ ਵਿੱਤੀ ਤੌਰ 'ਤੇ ਬਰਬਾਦ ਕਰਨ 'ਤੇ ਅੜੀ ਹੋਈ ਹੈ।
ਧਿਆਨ ਦੇਣ ਵਾਲੀ ਗੱਲ ਹੈ ਕਿ, ਸੋਮਵਾਰ ਨੂੰ ਹਰਿਆਣਾ ਦੇ ਭਾਜਪਾ ਸੰਸਦ ਮੈਂਬਰਾਂ ਨੇ ਕੇਂਦਰੀ ਮੰਤਰੀਆਂ ਨਾਲ ਮੁਲਾਕਾਤ ਕੀਤੀ ਅਤੇ ਐਸਵਾਈਐਲ ਨਹਿਰ ਦਾ ਮੁੱਦਾ ਚੁੱਕਿਆ। ਇਸ ‘ਤੇ ਪ੍ਰਤੀਕਿਰਿਆ ਦਿੰਦਿਆਂ ਸੁਨੀਲ ਜਾਖੜ ਨੇ ਕਿਹਾ ਕਿ, ਇਹ ਮੁੱਦਾ ਸੁਪਰੀਮ ਕੋਰਟ ਵਿੱਚ ਵਿਚਾਰ ਅਧੀਨ ਹੈ। ਇਸ ਵਿਸ਼ੇ ‘ਤੇ ਉਸ ਸਮੇਂ ਗੱਲ ਕਰਨਾ ਜਦੋਂ ਕਿਸਾਨੀ ਲਹਿਰ ਆਪਣੇ ਸਿਖਰ ‘ਤੇ ਹੈ, ਇਹ ਭਾਜਪਾ ਦੇ ਚਲਾਕੀ ਭਰੇ ਇਰਾਦੇ ਨੂੰ ਸਪਸ਼ਟ ਕਰਦੀ ਹੈ ਕਿ ਉਹ ਕਿ ਸੋਚ ਰੱਖਦੇ ਹਨ।

ਇਹ ਕਦਮ ਪੰਜਾਬ-ਹਰਿਆਣਾ ਕਿਸਾਨੀ ਅੰਦੋਲਨ ‘ਚ ਫੁੱਟ ਪੈਦਾ ਕਰਨ ਲਈ ਹੈ ਅਤੇ ਇਹ ਸਿਰਫ ਪੰਜਾਬ ਨੂੰ ਡਰਾਉਣ ਦੀ ਕੋਸ਼ਿਸ਼ ਹੈ। ਪਰ ਪੰਜਾਬ ਕੇਂਦਰ ਦੇ ਕਿਸੇ ਦਬਾਅ ਤੋਂ ਨਹੀਂ ਡਰਦਾ। ਅੱਗੇ ਸੁਨੀਲ ਜਾਖੜ ਨੇ ਕਿਹਾ ਕਿ ਇਸ ਕਾਨੂੰਨ ‘ਤੇ ਨਾ ਸਿਰਫ ਕਿਸਾਨ ਬਲਕਿ ਹੋਰ ਵਰਗਾਂ ‘ਤੇ ਵੀ ਮਾੜਾ ਪ੍ਰਭਾਅ ਪਏਗਾ। ਜਦੋਂ ਕਿ ਪੰਜਾਬ ਨੇ ਦੇਸ਼ ਦੇ ਵੱਡੇ ਹਿੱਤਾਂ ਦੀ ਰੱਖਿਆ ਲਈ ਉਨ੍ਹਾਂ ਵਿਰੁੱਧ ਆਵਾਜ਼ ਬੁਲੰਦ ਕੀਤੀ ਹੈ।
ਕਾਲੇ ਖੇਤੀ ਕਾਨੂੰਨ ਦੇਸ਼ ‘ਚ ਪੈਦਾ ਕਰ ਸਕਦੇ ਹਨ ਭੁੱਖਮਰੀ ਵਰਗੇ ਹਾਲਾਤ – ਸਚਿਨ ਸ਼ਰਮਾ
ਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨ ਦੇਸ਼ ‘ਚ ਭੁੱਖਮਰੀ ਦੇ ਹਾਲਾਤ ਪੈਦਾ ਕਰਨਗੇ। ਇਹ ਗੱਲ ਮੰਗਲਵਾਰ ਨੂੰ ਪੰਜਾਬ ਰਾਜ ਗੋ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਨੇ ਕਹੀ। ਸ਼ਰਮਾ ਨੇ ਕਿਹਾ ਕਿ ਇਹ ਕਿਸਾਨਾਂ ਦੀ ਸਖਤ ਮਿਹਨਤ ਸਦਕਾ ਦੇਸ਼ ਅਨਾਜ ਦੇ ਮਾਮਲੇ ਵਿੱਚ ਸਵੈ-ਨਿਰਭਰ ਹੋ ਗਿਆ ਹੈ ਅਤੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਇਸ ਵਿੱਚ ਆਪਣਾ ਯੋਗਦਾਨ ਪਾਇਆ ਹੈ। ਹੁਣ ਜਦੋਂ ਦੇਸ਼ ‘ਚ ਭੁੱਖਮਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਬਹੁਤ ਘੱਟ ਗਈ ਹੈ, ਤਾਂ ਭਾਰਤ ਸਰਕਾਰ ਖੇਤੀਬਾੜੀ ਸੁਧਾਰਾਂ ਦੇ ਨਾਂ ‘ਤੇ ਨਵੇਂ ਕਾਨੂੰਨ ਲਗਾ ਰਹੀ ਹੈ। ਇਸ ਨਾਲ ਦੇਸ਼ ‘ਚ ਦੁਬਾਰਾ ਭੁੱਖਮਰੀ ਦੇ ਹਾਲਾਤ ਪੈਦਾ ਹੋਣਗੇ।