ਆੜ੍ਹਤੀਆਂ ਨੇ Income Tax ਦੇ ਛਾਪਿਆਂ ਖਿਲਾਫ ਉਲੀਕੀ ਚਾਰ ਰੋਜਾ ਹੜਤਾਲ
ਪੰਜਾਬ ਭਰ ਦੇ ਆੜ੍ਹਤੀਏ ਮੰਗਲਵਾਰ ਨੂੰ ਇੰਕਮ ਟੈਕਸ ਦੇ ਛਾਪਿਆ ਖਿਲਾਫ ਚਾਰ ਦਿਨਾਂ ਦੀ ਹੜਤਾਲ ਤੇ ਚਲੇ ਗਏ ਹਨ। ਆੜ੍ਹਤੀਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਕਿਸਾਨਾਂ ਦੇ ਅੰਦੋਲਨ ਦਾ ਸਮਰਥਨ ਕਰਨ ਲਈ ਨਿਸ਼ਾਨਾ ਬਣਾਇਆ ਗਿਆ ਹੈ। ਵਧੇਰੇ ਜਾਣਕਾਰੀ ਦਿੰਦਿਆਂ ਆੜ੍ਹਤੀਆ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਸਤੀਸ਼ ਕੁਮਾਰ ਬੱਬੂ ਨੇ ਕਿਹਾ, “ਰਾਜ ਭਰ ਵਿੱਚ ਆੜ੍ਹਤੀਏ ਖੇਤੀ ਕਾਨੂੰਨਾਂ ਵਿਰੁੱਧ ਕੀਤੇ ਜਾ ਰਹੇ ਅੰਦੋਲਨ ਵਿੱਚ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ। ਉਨ੍ਹਾਂ ਕਿਹਾ “ਸਾਨੂੰ ਕਿਸਾਨਾਂ ਦੇ ਅੰਦੋਲਨ ਨੂੰ ਸਮਰਥਨ ਦੇਣ ਤੋਂ ਨਿਰਾਸ਼ ਕਰਨ ਲਈ, ਕੇਂਦਰ ਸਰਕਾਰ ਆੜ੍ਹਤੀਆਂ ‘ਤੇ ਆਮਦਨ ਕਰ ਦੇ ਛਾਪੇਮਾਰੀ ਕਰ ਰਹੀ ਹੈ, ਜਿਸਦਾ ਅਸੀਂ ਪੂਰੀ ਤਰ੍ਹਾਂ ਵਿਰੋਧ ਕਰਦੇ ਹਾਂ। ਅਤੇ ਇਸ ਕਾਰਵਾਈ ਦੇ ਵਿਰੋਧ ‘ਚ ਅਸੀਂ ਅੱਜ ਤੋਂ ਸੂਬੇ ਭਰ ‘ਚ ਚਾਰ ਦਿਨਾਂ ਦੀ ਹੜਤਾਲ ਕਰਾਂਗੇ।

ਉਨ੍ਹਾਂ ਨੇ ਹੜਤਾਲ ਦੌਰਾਨ ਕਿਹਾ “ਅਸੀਂ ਆਪਣੀਆਂ ਦੁਕਾਨਾਂ ਬੰਦ ਰੱਖਾਂਗੇ ਅਤੇ ਕੋਈ ਖਰੀਦ-ਵੇਚ ਨਹੀਂ ਕੀਤੀ ਜਾਵੇਗੀ। ਆੜ੍ਹਤੀ ਐਸੋਸੀਏਸ਼ਨ ਬੁਢਲਾਡਾ ਦੇ ਪ੍ਰਧਾਨ ਸ਼ਾਮ ਲਾਲ ਡਲਵਾ ਨੇ ਦਾਅਵਾ ਕੀਤਾ ਕਿ, ਨਵੇਂ ਖੇਤੀ ਕਾਨੂੰਨਾਂ ਨਾਲ ਨਾ ਸਿਰਫ “ਖੇਤੀਬਾੜੀ ਭਾਈਚਾਰੇ ਦਾ ਵਿਨਾਸ਼” ਹੋਵੇਗਾ, ਬਲਕਿ ਸਿੱਧੇ ਜਾਂ ਅਸਿੱਧੇ ਤੌਰ ‘ਤੇ ਖੇਤੀ ਨਾਲ ਜੁੜੇ ਲੋਕਾਂ ਨੂੰ ਵੀ ਇਸ ਦਾ ਖਮਿਆਜ਼ਾ ਭੁਗਤਣਾਂ ਪੈ ਸਕਦਾ ਹੈ। ਉਨ੍ਹਾਂ ਸੂਬੇ ਵਿੱਚ ਆੜ੍ਹਤੀਆਂ ‘ਤੇ ਇਨਕਮ ਟੈਕਸ ਦੀ ਛਾਪੇਮਾਰੀ ਦੀ ਵੀ ਨਿੰਦਾ ਕੀਤੀ।

ਦਸ ਦਈਏ 19 ਦਸੰਬਰ ਨੂੰ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਵੱਲੋਂ ਪੰਜਾਬ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਕਾਲੜਾ ਦੇ ਅਹਾਤੇ ‘ਤੇ ਛਾਪੇਮਾਰੀ ਕੀਤੀ ਗਈ; ਸਮਾਣਾ ਮੰਡੀ ਯੂਨਿਟ ਦੇ ਪ੍ਰਧਾਨ ਪਵਨ ਕੁਮਾਰ ਗੋਇਲ; ਪਟਿਆਲਾ ਇਕਾਈ ਦੇ ਮੁਖੀ ਜਸਵਿੰਦਰ ਸਿੰਘ ਰਾਣਾ; ਨਵਾਂਸ਼ਹਿਰ ਯੂਨਿਟ ਦੇ ਮੁਖੀ ਮਨਜਿੰਦਰ ਸਿੰਘ ਵਾਲੀਆ; ਰਾਜਪੁਰਾ ਯੂਨਿਟ ਦੇ ਮੁਖੀ ਹਰਦੀਪ ਸਿੰਘ ਲੱਡਾ; ਅਤੇ ਰਾਜਪੁਰਾ ਆੜ੍ਹਤੀਆਂ ਕਰਤਾਰ ਸਿੰਘ ਅਤੇ ਅਮਰੀਕ ਸਿੰਘ ਸ਼ਾਮਲ ਹਨ। ਸੂਬੇ ਭਰ ਵਿੱਚ ਹੁਣ ਤੱਕ ਚੌਦਾਂ ਆੜ੍ਹਤੀਆਂ ਨੂੰ ਇਨਕਮ ਟੈਕਸ ਦੇ ਨੋਟਿਸ ਮਿਲ ਚੁੱਕੇ ਹਨ। ਸਤੰਬਰ ਵਿੱਚ ਮਾਨਸਾ ਵਿੱਚ ਆੜ੍ਹਤੀਆਂ ਨੇ ਵੀ ਮੋਦੀ ਸਰਕਾਰ ਦੇ “ਖੇਤੀਬਾੜੀ ਸੁਧਾਰਾਂ ਦੇ ਬਹਾਨੇ ਕਾਲੇ ਕਾਨੂੰਨਾਂ” ਦਾ ਵਿਰੋਧ ਕਰਨ ਲਈ ਭਾਜਪਾ ਨੇਤਾਵਾਂ ਅਤੇ ਮੈਂਬਰਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਸੀ।