ਆਉਣ ਵਾਲੇ ਪੰਜ ਸਾਲਾਂ ‘ਚ 25 ਤੋਂ ਵੱਧ ਸ਼ਹਿਰਾਂ ਵਿੱਚ ਮੈਟਰੋ ਸੇਵਾਵਾਂ ਹੋਣਗੀਆਂ ਬਹਾਲ : ਪੀਐਮ ਮੋਦੀ

ਪੰਜਾਬੀ ਡੈਸਕ :- ਡਰਾਈਵਰ ਰਹਿਤ ਮੈਟਰੋ ਦੇ ਉਦਘਾਟਨ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਭਵਿੱਖ ‘ਚ ਲਾਗੂ ਕਰਨ ਵਾਲੀ ਯੋਜਨਾਵਾਂ ਬਾਰੇ ਵੀ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਆਉਣ ਵਾਲੇ 5 ਸਾਲਾਂ ‘ਚ 25 ਤੋਂ ਵੱਧ ਸ਼ਹਿਰਾਂ ‘ਚ ਮੈਟਰੋ ਰੇਲ ਸੇਵਾਵਾਂ ਬਹਾਲ ਕੀਤੀਆਂ ਜਾਣਗੀਆਂ ਅਤੇ ਇਸ ਲਈ ਮੇਕ ਇਨ ਇੰਡੀਆ ਜ਼ਰੂਰੀ ਹੈ। ਦਸ ਦਈਏ ਦੇਸ਼ ‘ਚ ਪਹਿਲੀ ਮੈਟਰੋ ਰੇਲਗੱਡੀ ਅਟਲ ਬਿਹਾਰੀ ਬਾਜਪਾਈ ਜੀ ਦੇ ਯਤਨਾਂ ਸਦਕਾ ਸ਼ੁਰੂ ਕੀਤੀ ਗਈ ਸੀ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ, 2014 ਵਿੱਚ ਜਦੋ ਸਾਡੀ ਸਰਕਾਰ ਬਣੀ ਸੀ, ਉਸ ਸਮੇਂ ਸਿਰਫ 5 ਸ਼ਹਿਰਾਂ ‘ਚ ਹੀ ਮੈਟਰੋ ਸੇਵਾਵਾਂ ਸਨ ਅਤੇ ਵਰਤਮਾਨ ਸਮੇ ‘ਚ ਦੇਸ਼ ਦੇ 18 ਸ਼ਹਿਰਾਂ ‘ਚ ਮੈਟਰੋ ਰੇਲ ਸੇਵਾ ਹੈ ਅਤੇ 2025 ਤੱਕ ਇਸ ਨੂੰ 25 ਤੋਂ ਵੱਧ ਸ਼ਹਿਰਾਂ ‘ਚ ਲਾਗੂ ਕਰਾਂਗੇ। ਉਨ੍ਹਾਂ ਕਿਹਾ ਕਿ, ਇਸ ਟੀਚੇ ਨੂੰ ਪੂਰਾ ਕਰਨ ਲਈ ਮੇਕ ਇਨ ਇੰਡੀਆ ਨਾਲ ਜੁੜਨਾ ਜਰੂਰੀ ਹੈ, ਜੋ ਕਿ ਲਾਗਤ ਘਟਾਉਂਦਾ ਹੈ ਅਤੇ ਵਿਦੇਸ਼ੀ ਮੁਦਰਾ ਦੀ ਬਚਤ ਕਰਦਾ ਹੈ ਅਤੇ ਲੋਕਾਂ ਨੂੰ ਵਧੇਰੇ ਰੁਜ਼ਗਾਰ ਮੁਹਈਆ ਕਰਵਾਉਂਦਾ ਹੈ। ਦਸ ਦਈਏ ਜਿੱਥੇ ਅੱਜ ਪ੍ਰਧਾਨਮੰਤਰੀ ਵਲੋਂ ਦਿੱਲੀ ਮੈਟਰੋ ਦੀ ਮਜੈਂਟਾ ਲਾਈਨ ‘ਤੇ ਭਾਰਤ ਦੀ ਪਹਿਲੀ ਡਰਾਈਵਰ ਰਹਿਤ ਰੇਲ ਗੱਡੀ ਦਾ ਉਦਘਾਟਨ ਕੀਤਾ ਗਿਆ ਉੱਥੇ ਹੀ ਵੀਡੀਓ ਕਾਨਫਰੰਸਿੰਗ ਰਾਹੀਂ ਏਅਰਪੋਰਟ ਐਕਸਪ੍ਰੈਸ ਲਾਈਨ ‘ਤੇ ਰਾਸ਼ਟਰੀ ਸਾਂਝਾ ਗਤੀਸ਼ੀਲਤਾ ਕਾਰਡ ਵੀ ਲਾਂਚ ਕੀਤਾ ਗਿਆ।

ਅੱਗੇ ਪ੍ਰਧਾਨ ਮੰਤਰੀ ਨੇ ਕਿਹਾ ਕਿ “ਅਸੀਂ ਨੋਟ ਕੀਤਾ ਹੈ ਕਿ ਮੈਟਰੋ ਦੇ ਵਿਸਥਾਰ, ਆਵਾਜਾਈ ਦੇ ਆਧੁਨਿਕ ਢੰਗਾਂ ਦੀ ਵਰਤੋਂ ਸ਼ਹਿਰ ਦੇ ਲੋਕਾਂ ਦੀ ਜ਼ਰੂਰਤ ਅਤੇ ਉੱਥੋਂ ਦੀ ਪੇਸ਼ੇਵਰ ਜੀਵਨ ਸ਼ੈਲੀ ਨੂੰ ਦੇਖਦਿਆਂ ਕੀਤਾ ਜਾਣਾ ਚਾਹੀਦਾ ਹੈ।” ਉਨ੍ਹਾਂ ਕਿਹਾ, ਇਹੀ ਕਾਰਨ ਹੈ ਕਿ ਵੱਖ-ਵੱਖ ਸ਼ਹਿਰਾਂ ‘ਚ ਵੱਖ-ਵੱਖ ਕਿਸਮਾਂ ਦੀਆਂ ਮੈਟਰੋ ਰੇਲਾਂ ‘ਤੇ ਕੰਮ ਚੱਲ ਰਿਹਾ ਹੈ। ਜਾਣੂ ਕਰਵਾ ਦਈਏ ਅੱਜ ਦੇਸ਼ ਵਿੱਚ ਚਾਰ ਵੱਡੀਆਂ ਕੰਪਨੀਆਂ ਮੈਟਰੋ ਕੋਚ ਤਿਆਰ ਕਰ ਰਹੀਆਂ ਹਨ ਅਤੇ ਦਰਜਨਾਂ ਕੰਪਨੀਆਂ ਮੈਟਰੋ ਕੰਪੋਨੈਂਟਾਂ ਦੇ ਨਿਰਮਾਣ ਵਿੱਚ ਜੁਟੀਆਂ ਹੋਈਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ, ਇਹ ਮੇਕ ਇਨ ਇੰਡੀਆ ਦੇ ਨਾਲ-ਨਾਲ ਸਵੈ-ਨਿਰਭਰ ਭਾਰਤ ਦੀ ਮੁਹਿੰਮ ਵਿੱਚ ਵੀ ਸਹਾਇਤਾ ਕਰ ਰਿਹਾ ਹੈ।

MUST READ